ਪੰਜਾਬ ਭਰ ''ਚ ਮੰਗਾਂ ਨੂੰ ਲੈ ਕੇ ਪਟਵਾਰੀ ਸੜਕਾਂ ''ਤੇ ਉਤਰੇ

10/08/2019 3:43:10 PM

ਚੰਡੀਗੜ੍ਹ (ਭੁੱਲਰ) : ਆਪਣੀਆਂ ਮੰਗਾਂ ਨੂੰ ਲੈ ਕੇ ਪਟਵਾਰੀ ਪੰਜਾਬ ਭਰ 'ਚ ਸੜਕਾਂ 'ਤੇ ਉਤਰੇ। ਰੈਵਨਿਊ ਪਟਵਾਰ ਯੂਨੀਅਨ ਦੀ ਅਗਵਾਈ ਹੇਠ ਸਾਰੇ ਤਹਿਸੀਲ ਕੇਂਦਰਾਂ 'ਤੇ ਰੋਸ ਧਰਨੇ ਲਾਉਣ ਤੋਂ ਬਾਅਦ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਪਟਵਾਰੀ 11 ਅਕਤੂਬਰ ਨੂੰ ਜਿਲਾ ਹੈਡਕੁਆਟਰਾਂ 'ਤੇ ਧਰਨੇ ਦੇਣਗੇ। ਇਸ ਦੌਰਾਨ ਚਾਰੇ ਚੋਣ ਹਲਕਿਆਂ 'ਚ ਵੀ ਧਰਨੇ ਲਾਏ ਜਾਣਗੇ। 12 ਅਕਤੂਬਰ ਨੂੰ ਰੋਸ ਰੈਲੀਆਂ ਤੋਂ ਬਾਅਦ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਦੋਂ ਤੱਕ ਰਿਟਾਇਰ ਪਟਵਾਰੀ/ਕਾਨੂੰਗੋ ਨੂੰ ਮੁੜ ਭਰਤੀ ਕਰਨ ਵਾਲੀ ਚਿੱਠੀ ਨੂੰ ਰੱਦ ਕਰਕੇ, ਨਵੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀ ਕੀਤਾ ਜਾਂਦਾ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀ ਕੀਤੀਆ ਜਾਂਦੀਆ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ । ਮੰਨੀਆਂ ਹੋਈਆਂ ਮੰਗਾਂ 'ਚ ਮਿਤੀ 1-1-1986 ਤੋ ਲੈ ਕੇ 31-12-1995 ਤੱਕ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਇਕਸਾਰ ਕਰਨ, ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਡਾਕਟਰਾਂ ਅਤੇ ਜੱਜ ਸਹਿਬਾਨ ਦੀ ਤਰਜ਼ ਤੇ ਪੂਰੀ ਤਨਖਾਹ ਦੇਣ, ਪ੍ਰਬੇਸ਼ਨ ਪੀਰੀਅਡ ਤਹਿਸੀਲਦਾਰ ਦੀ ਤਰਜ਼ ਤੇ ਟ੍ਰੇਨਿੰਗ ਸ਼ੁਰੂ ਕੀਤੇ ਜਾਣ ਦੇ ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਹੈ ਕਿ ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਸੱਤ ਪਟਵਾਰੀਆਂ ਪਿਛੇ ਇਕ ਕਾਨੂੰਗੋ ਲਗਾਇਆ ਜਾਵੇ ਤਾਂ ਜੋ ਤਕਸੀਮ ਦੇ ਨਕਸ਼ੇ (ਅ) ਅਤੇ ਨਿਸ਼ਾਨਦੇਹੀਆਂ ਸਮੇਂ ਸਿਰ ਹੋ ਸਕਣ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਪਟਵਾਰੀਆਂ ਦੇ ਬੈਠਣ ਲਈ ਤਹਿਸੀਲਾਂ 'ਚ ਉਚਿਤ ਪ੍ਰਬੰਧ ਕੀਤੇ ਜਾਣ ਦੀਆਂ ਮੰਗਾਂ ਵੀ ਉਠਾਈਆਂ ਜਾ ਰਹੀਆਂ ਹਨ।


Anuradha

Content Editor

Related News