ਸਾਂਝਾ ਅਧਿਆਪਕ ਮੋਰਚਾ ਦਾ ਧਰਨਾ ਪ੍ਰਦਰਸ਼ਨ 36ਵੇਂ ਦਿਨ 'ਚ ਦਾਖਲ

11/12/2018 2:38:13 AM

ਪਟਿਆਲਾ, (ਜੋਸਨ)– ਪੰਜਾਬ ਸਰਕਾਰ ਅਤੇ ਅਧਿਆਪਕਾਂ ਵਿਚ ਟਕਰਾਅ ਲਗਤਾਰ ਵਧਦਾ ਜਾ ਰਿਹਾ ਹੈ। ਸਿੱਖਿਆ ਸਕੱਤਰ ਵੱਲੋਂ ਹੁਣ ਤੱਕ ਕਈ ਦਰਜਨ ਅਧਿਆਪਕ ਸਸਪੈਂਡ ਕਰਨ ਤੇ ਬਦਲੀਆਂ ਤੋਂ ਬਾਅਦ ਵੀ ਅਧਿਆਪਕ ਸਰਕਾਰ ਨਾਲ ਤਿੱਖੀ ਲਡ਼ਾਈ ਲੜਨ ਦਾ ਮਨ ਬਣਾਈ  ਬੈਠੇ ਹਨ। ਇਸੇ ਤਹਿਤ ਅੱਜ ਅਧਿਆਪਕਾਂ ਨੇ ਸੀ. ਐੱਮ. ਸਿਟੀ ਦੇ ਮੇਅਰ ਦੀ ਕੋਠੀ ਦਾ ਘਿਰਾਓ ਕਰ ਕੇ ਤਿੱਖੀ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲਦੀਆਂ, ਉਦੋਂ ਤੱਕ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ। 
ਇਸ ਮੌਕੇ ਅਧਿਆਪਕ ਨੇਤਾਵਾਂ ਨੇ ਆਖਿਆ ਕਿ  ਸੁਧਾਰਾਂ ਦੀ ਆਡ਼ ਹੇਠ  ਸਿੱਖਿਆ ਦੀ ਕੀਤੀ ਜਾ ਰਹੀ ਬਰਬਾਦੀ ਅਤੇ  ਤਨਖਾਹ ਕਟੌਤੀ ਦੇ ਵਿਰੋਧ ’ਚ 7 ਅਕਤੂਬਰ ਤੋਂ ਸ਼ੁਰੂ ਹੋਇਆ ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਮੋਰਚਾ 36ਵੇਂ ਦਿਨ ’ਚ ਦਾਖਲ ਹੋ ਗਿਆ  ਹੈ। ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀਆਂ ਕੋਝੀਆਂ ਚਾਲਾਂ ਦਾ ਮੂੰਹ-ਤੋਡ਼ ਜਵਾਬ ਦੇਣ ਦਾ ਅਹਿਦ ਕੀਤਾ।  ਉਨ੍ਹਾਂ ਕਿਹਾ ਕਿ  ਪੰਜਾਬ ਦੀ ਕਾਂਗਰਸ ਸਰਕਾਰ ਐੱਸ. ਐੱਸ. ਏ, ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ ’ਚ 65 ਤੋਂ 75 ਫੀਸਦੀ ਕਟੌਤੀ ਕਰਨ, 5178 ਅਧਿਆਪਕਾਂ ਨੂੰ ਨਿਯੁਕਤੀ-ਪੱਤਰ ’ਚ ਦਰਜ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟਣ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ’ਚ ਸ਼ਿਫਟ ਨਾ ਕਰਨ ਅਤੇ ਹੋਰਨਾਂ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ ’ਤੇ ਪੱਕੇ ਕਰਨ ਦੀ ਬਜਾਏ ਅਖੌਤੀ ਪ੍ਰਾਜੈਕਟਾਂ ਰਾਹੀਂ ਜਨਤਕ ਸਿੱਖਿਆ ਨੂੰ ਤਹਿਸ-ਨਹਿਸ ਕਰਨ ਵਾਲੇ ਅਤੇ ਅਧਿਆਪਕਾਂ ਨਾਲ ਬੁਰਾ ਵਿਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ਪੂਰੀ ਖੁੱਲ੍ਹ ਦੇ ਕੇ ਪੰਜਾਬ ਦੀ ਸਿੱਖਿਆ ਨੂੰ ਖਤਮ ਕਰਨ ਦੇ ਰਾਹ ਪਈ ਹੋਈ ਹੈ। ਪੰਜਾਬ ਦੀਆਂ ਸਮੂਹ ਫਿਕਰਮੰਦ ਜਮਹੂਰੀ ਜਥੇਬੰਦੀਆਂ ਅਧਿਆਪਕਾਂ ਦੀ ਪਿੱਠ ’ਤੇ ਆ ਖੜ੍ਹੀਆਂ ਹਨ। ਪੰਜਾਬ ਸਰਕਾਰ ਨੂੰ ਆਪਣਾ ਭਵਿੱਖ ਕੰਧ ’ਤੇ ਲਿਖਿਆ ਪਡ਼੍ਹ ਲੈਣਾ ਚਾਹੀਦਾ ਹੈ।
ਅਧਿਆਪਕ ਸੰਘਰਸ਼ ’ਚ ਸ਼ਮੂਲੀਅਤ ਕਰੇਗਾ ਮੁਲਾਜ਼ਮ ਫਰੰਟ ਪੰਜਾਬ
ਮੁਲਾਜ਼ਮ  ਫਰੰਟ ਪੰਜਾਬ ਨੇ ਐਲਾਨ ਕੀਤਾ ਕਿ ਫਰੰਟ ਨਾਲ ਸਬੰਧਤ ਜਥੇਬੰਦੀਆਂ ਦੇ ਆਗੂ ਤੇ ਵਰਕਰ ਸਾਂਝੇ ਅਧਿਆਪਕ ਮੋਰਚੇ ਦੇ ਪ੍ਰਸਤਾਵਿਤ 12, 13, 14 ਨਵੰਬਰ ਦੇ ਮੰਤਰੀ ਅਤੇ ਵਿਧਾਇਕਾਂ ਦੇ ਘਰਾਂ ਬਾਹਰ ਦਿੱਤੇ ਜਾ ਰਹੇ ਧਰਨਿਆਂ ’ਚ ਸ਼ਮੂਲੀਅਤ ਕਰਨਗੇ। ਫਰੰਟ ਦੇ ਸੂਬਾਈ ਪ੍ਰਧਾਨ ਤੇਜਿੰਦਰ ਸਿੰਘ ਸੰਘਰੇਡ਼ੀ, ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਅਤੇ ਸੂਬਾਈ ਆਗੂਆਂ ਗੁਰਵੇਲ ਸਿੰਘ ਬੱਲਪੁਰੀਆ, ਗੁਰਚਰਨ ਸਿੰਘ ਕੌਲੀ, ਹਰਪਾਲ ਸਿੰਘ ਤੇਜਾ ਤੇ ਜਗਤਾਰ ਸਿੰਘ ਪੰਧੇਰ ਨੇ ਕਿਹਾ ਕਿ ਅਧਿਆਪਕ ਵਰਗ ਪਿਛਲੇ 35 ਦਿਨਾਂ ਤੋ ਮੁੱਖ ਮੰਤਰੀ ਦੇ ਸ਼ਹਿਰ  ਵਿਖੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਸਰਕਾਰ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਵੱਖ-ਵੱਖ ਢੰਗਾਂ ਨਾਲ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਯਤਨ ਕਰ ਰਹੀ ਹੈ। ਜਥੇਬੰਦੀ ਨੇ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਅਾਂ ਬਦਲੀਆਂ ਕਰਨ ਦੀ ਸਖਤ ਨਿਖੇਧੀ ਕੀਤੀ। ਸਰਕਾਰ ਨੇ 5 ਨਵੰਬਰ ਦੀ ਮੀਟਿੰਗ ਰੱਦ ਕਰ ਕੇ ਆਪਣੀ ਤਾਨਾਸ਼ਾਹੀ ਸੋਚ ਦਾ ਪ੍ਰਗਟਾਵਾ ਕੀਤਾ ਹੈ। 
ਫਰੰਟ ਨੇ ਆਪਣੇ ਜ਼ਿਲਾ, ਤਹਿਸੀਲ ਤੇ ਬਲਾਕ ਪੱਧਰ ਦੇ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਅਧਿਆਪਕਾਂ ਦੇ ਸੰਘਰਸ਼ ਵਿਚ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕਰਨ। ਜਥੇਬੰਦੀ ਨੇ ਪੰਜਾਬ ਸਰਕਾਰ  ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮਾਂ ਦੇ ਸਬਰ ਦਾ ਇਮਤਿਹਾਨ ਨਾ ਲੈਣ।


cherry

Content Editor

Related News