ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ''ਤੇ ਕਾਰਵਾਈ
Monday, Nov 18, 2019 - 06:11 PM (IST)
![ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ''ਤੇ ਕਾਰਵਾਈ](https://static.jagbani.com/multimedia/2018_3image_16_05_029470000fine.jpg)
ਪਟਿਆਲਾ (ਪਰਮੀਤ) : ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਲੀਲਾ ਭਵਨ ਅਤੇ 22 ਨੰਬਰ ਫਾਟਕ ਸਥਿਤ ਪਾਨ ਪਾਰਲਰ ਵਲੋਂ ਈ-ਸਿਗਰੇਟ ਅਤੇ ਵਿਦੇਸ਼ੀ ਸਿਗਰਟਾਂ ਦੀ ਵਿਕਰੀ ਕਰ ਕੇ ਸ਼ਰੇਆਮ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਡਾ. ਮਲਹੋਤਰਾ ਵਲੋਂ ਨੋਡਲ ਅਫਸਰ ਤੰਬਾਕੂ ਕੰਟਰੋਲ ਸੈੱਲ-ਕਮ-ਸਹਾਇਕ ਸਿਹਤ ਅਫਸਰ ਡਾ. ਸੁਖਮਿੰਦਰ ਸਿੰਘ ਅਤੇ ਜ਼ਿਲਾ ਸਿਹਤ ਅਫਸਰ ਡਾ. ਸਤਿੰਦਰ ਸਿੰਘ ਦੀ ਅਗਵਾਈ 'ਚ ਬਣਾਈ ਗਈ ਟੀਮ, ਜਿਸ 'ਚ ਸੀਨੀਅਰ ਮੈਡੀਕਲ ਅਫਸਰ ਡਾ. ਨਵਜਿੰਦਰ ਸੋਢੀ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ, ਡਰੱਗ ਇੰਸਪੈਕਟਰ ਰੋਹਿਤ ਕਾਲੜਾ, ਜ਼ਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਅਸਿਸਟੈਂਟ ਯੂਨਿਟ ਅਫਸਰ ਮਲਕੀਤ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਰਣ ਸਿੰਘ ਹਾਜ਼ਰ ਸਨ, ਵੱਲੋਂ ਪੁਲਸ ਦੀ ਮਦਦ ਨਾਲ ਸਭ ਤੋਂ ਪਹਿਲਾਂ ਲੀਲਾ ਭਵਨ ਸਥਿਤ ਇਕ ਪਾਨ ਪਾਰਲਰ 'ਤੇ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਦੁਕਾਨ 'ਚ ਕਾਫੀ ਮਾਤਰਾ 'ਚ ਵਿਦੇਸ਼ੀ ਸਿਗਰਟਾਂ, ਖੁੱਲ੍ਹੀਆਂ ਸਿਗਰਟਾਂ, ਐਸ਼ ਟਰੇਅ ਅਤੇ ਬੀੜੀਆਂ ਦੇ ਬੰਡਲ ਮਿਲੇ।
ਸਿਹਤ ਵਿਭਾਗ ਦੀ ਟੀਮ ਵਲੋਂ ਦੁਕਾਨ ਮਾਲਕ ਨੂੰ ਐਕਟ ਦੀ ਉਲੰਘਣਾ ਕਰਨ 'ਤੇ ਤੁਰੰਤ 1000 ਰੁਪਏ ਅਤੇ ਲੀਗਲ ਮੈਟਰੋਲੋਜੀ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਵਲੋਂ ਵਿਦੇਸ਼ੀ ਸਿਗਰਟਾਂ ਬਰਾਮਦ ਹੋਣ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਤੋਂ ਬਾਅਦ ਟੀਮ ਵੱਲੋਂ ਸੰਤ ਨਗਰ ਚੌਕ ਨੇੜੇ 22 ਨੰਬਰ ਫਾਟਕ ਸਥਿਤ ਇਕ ਪਾਨ ਪਾਰਲਰ 'ਤੇ ਛਾਪੇਮਾਰੀ ਕੀਤੀ ਗਈ। ਚੈਕਿੰਗ ਦੌਰਾਨ ਇਸ ਦੁਕਾਨ 'ਚ ਵੀ ਕਾਫੀ ਮਾਤਰਾ 'ਚ ਵਿਦੇਸ਼ੀ ਸਿਗਰਟਾਂ, ਖੁੱਲ੍ਹੀਆਂ ਸਿਗਰਟਾਂ, ਐਸ਼ ਟਰੇਅ ਅਤੇ ਬੀੜੀਆਂ ਦੇ ਬੰਡਲ ਪਾਏ ਗਏ। ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਦੁਕਾਨ ਮਾਲਕ ਨੂੰ ਵੀ ਐਕਟ ਦੀ ਉਲੰਘਣਾ ਕਰਨ 'ਤੇ ਤੁਰੰਤ 1000 ਰੁਪਏ ਅਤੇ ਲੀਗਲ ਮੈਟਰੋਲੋਜੀ ਵਿਭਾਗ ਦੇ ਇੰਸਪੈਕਟਰ ਵੱਲੋਂ ਵਿਦੇਸ਼ੀ ਸਿਗਰਟਾਂ ਬਰਾਮਦ ਹੋਣ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਇਸ ਉਪਰੰਤ ਟੀਮ ਵਲੋਂ 22 ਨੰਬਰ ਫਾਟਕ ਸਥਿਤ ਗਰੀਨ ਪਾਨ ਪਾਰਲਰ 'ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਦੁਕਾਨ ਤੋਂ ਖੁੱਲ੍ਹੀਆਂ ਸਿਗਰਟਾਂ, ਐਸ਼ ਟਰੇਅ ਅਤੇ ਬੀੜੀਆਂ ਦੇ ਬੰਡਲ ਮਿਲੇ ਪਰ ਵਿਦੇਸ਼ੀ ਸਿਗਰਟਾਂ ਨਹੀਂ ਮਿਲੀਆਂ। ਜ਼ਿਲਾ ਸਿਹਤ ਵਿਭਾਗ ਦੀ ਟੀਮ ਵੱਲੋਂ ਐਕਟ ਦੀ ਉਲੰਘਣਾ ਕਰਨ ਅਤੇ ਖੁੱਲ੍ਹੀਆਂ ਸਿਗਰਟਾਂ, ਐਸ਼ ਟਰੇਅ ਅਤੇ ਬੀੜੀਆਂ ਦੇ ਬੰਡਲ ਪਾਏ ਜਾਣ 'ਤੇ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ। ਡਾ. ਮਲਹੋਤਰਾ ਨੇ ਦੱਸਿਆ ਕਿ ਟੀਮ ਵੱਲੋਂ ਛਾਪੇਮਾਰੀ ਦੌਰਾਨ ਇਨ੍ਹਾਂ ਦੁਕਾਨਾਂ 'ਤੇ ਈ-ਸਿਗਰਟ ਬਰਾਮਦ ਨਹੀਂ ਹੋਈ। ਇਨ੍ਹਾਂ ਦੁਕਾਨਾਂ 'ਤੇ ਜੋ ਵੀ ਖੁੱਲ੍ਹੀਆਂ ਸਿਗਰਟਾਂ ਦੀਆਂ ਡੱਬੀਆਂ ਮਿਲੀਆਂ, ਨੂੰ ਮੌਕੇ 'ਤੇ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਜਨਵਰੀ 2019 ਤੋਂ ਹੁਣ ਤੱਕ 632 ਵਿਅਕਤੀ/ਦੁਕਾਨਦਾਰਾਂ ਤੋਂ ਐਕਟ ਦੀ ਉਲੰਘਣਾ ਕਰਨ 'ਤੇ 60 ਹਜ਼ਾਰ 520 ਰੁਪਏ ਜੁਰਮਾਨੇ ਵਜੋਂ ਵਸੂਲੇ ਜਾ ਚੁੱਕੇ ਹਨ।