ਪਟਿਆਲਾ: 22 ਨੂੰ ਹੋਵੇਗੀ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦੇ ਟਕਰਾਅ ਦੇ ਹੱਲ ਲਈ ਮੀਟਿੰਗ

12/13/2019 12:31:49 PM

ਪਟਿਆਲਾ (ਰਾਜੇਸ਼): ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਦਮਦਮੀ ਟਕਸਾਲ ਵਿਚਕਾਰ ਚੱਲ ਰਹੇ ਵਿਵਾਦ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸੰਤ ਢੱਡਰੀਆਂ ਵਾਲਿਆਂ ਦੇ ਪ੍ਰਚਾਰ 'ਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਪ੍ਰਗਟਾਏ ਇਤਰਾਜ਼ ਬਾਰੇ ਗੱਲਬਾਤ ਕਰੇਗੀ।

ਕਮੇਟੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਪਰਮਵੀਰ ਸਿੰਘ, ਗੁਰਮਤ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਪ੍ਰਭਜੋਤ ਕੌਰ, ਭਾਈ ਕਾਹਨ ਸਿੰਘ ਨਾਭਾ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਹਿਊਮਨ ਰਿਸੋਰਸਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਡਾਇਰੈਕਟਰ ਗੁਰਮੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਅਤੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਸ਼ਾਮਲ ਹਨ। ਕਮੇਟੀ ਦੀ ਮੀਟਿੰਗ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ 12 ਵਜੇ ਰੱਖੀ ਗਈ ਹੈ। ਕਮੇਟੀ ਦਾ ਕੋਆਰਡੀਨੇਟਰ 'ਪੰਥ ਰਤਨ' ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਜ਼ਿਮ ਦੇ ਡਾ. ਚਮਕੌਰ ਸਿੰਘ ਨੂੰ ਬਣਾਇਆ ਗਿਆ ਹੈ। ਇਸ ਸਬੰਧੀ ਡਾ. ਚਮਕੌਰ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬਾਕਾਇਦਾ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਭਾਈ ਰਣਜੀਤ ਸਿੰਘ ਨੂੰ ਕਿਹਾ ਕਿ ਉਹ 22 ਦਸੰਬਰ ਨੂੰ ਇਸ ਮੀਟਿੰਗ ਵਿਚ ਪਹੁੰਚਣ ਤਾਂ ਜੋ ਇਨ੍ਹਾਂ ਵਿਵਾਦਾਂ ਬਾਰੇ ਗੱਲਬਾਤ ਕੀਤੀ ਜਾ ਸਕੇ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ-ਪੱਤਰ ਸੌਂਪ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸ਼ਿਕਾਇਤ ਕੀਤੀ ਸੀ। ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਿੱਖੀ ਦਾ ਗਲਤ ਪ੍ਰਚਾਰ ਕਰਨ ਵਾਲਿਆਂ ਖਿਲਾਫ ਪੰਥਕ ਕਾਰਵਾਈ ਹੋਣੀ ਚਾਹੀਦੀ ਹੈ।

ਇਨ੍ਹਾਂ ਸੰਗਠਨਾਂ ਦੀ ਮੰਗ ਸੀ ਕਿ ਢੱਡਰੀਆਂਵਾਲਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਥਾਂ ਬੁਲਾ ਕੇ ਸਪੱਸ਼ਟੀਕਰਨ ਮੰਗਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਸੀ ਕਿ ਜੇਕਰ ਢੱਡਰੀਆਂਵਾਲਾ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ ਜਾਂ ਇਹ ਚਰਚਾ ਨਾਕਾਮਯਾਬ ਰਹਿੰਦੀ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਮੇਟੀ ਵੱਲੋਂ ਤੱਥਾਂ ਦੀ ਪੜਚੋਲ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਕਿਸੇ ਸਿੱਟੇ 'ਤੇ ਪਹੁੰਚਿਆ ਜਾਵੇਗਾ।


Shyna

Content Editor

Related News