ਪੀ. ਜੀ. ’ਚ ਰਹਿਣ ਵਾਲੇ ਮੁੰਡਿਆਂ ਨੇ ਦੁਕਾਨਦਾਰ ’ਤੇ ਪੈਟਰੋਲ ਸੁੱਟ ਲਗਾਈ ਅੱਗ
Sunday, Mar 20, 2022 - 01:16 PM (IST)
ਖਰੜ (ਸ਼ਸ਼ੀ) : ਇਕ ਬਹੁਤ ਹੀ ਮਾੜੀ ਵਾਰਦਾਤ ਵਿਚ ਅੱਜ ਖਰੜ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਜੁੱਤੀਆਂ ਦੀ ਦੁਕਾਨ ਕਰਦੇ ਰਾਜ ਕੁਮਾਰ ਨਾਂ ਦੇ ਇਕ ਦੁਕਾਨਦਾਰ ’ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ ਗਈ। ਇਸ ਵਾਰਦਾਤ ਵਿਚ ਜਿੱਥੇ ਉਸ ਦੀ ਦੁਕਾਨ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ, ਉੱਥੇ ਇਹ ਦੁਕਾਨਦਾਰ ਵੀ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇਲਾਜ ਲਈ ਖਰੜ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਤੇਗ ਬਹਾਦਰ ਨਗਰ ਵਿਚੇ ਜੁੱਤੀਆਂ ਦੀ ਦੁਕਾਨ ਕਰਦੇ ਰਾਜ ਕੁਮਾਰ ਨਾਂ ਦੇ ਇਸ ਵਿਅਕਤੀ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਨਾਲ ਹੀ ਕੁਝ ਲੜਕੇ ਪੀ. ਜੀ. ਦੇ ਤੌਰ ’ਤੇ ਰਹਿੰਦੇ ਸਨ। ਉਨ੍ਹਾਂ ਵਿਚੋਂ 3-4 ਲੜਕੇ ਰਾਤ ਸਮੇਂ ਗਾਲੀ ਗਲੋਚ ਕਰਦੇ ਸਨ। ਇਸ ਸਬੰਧ ਵਿਚ ਪੀ. ਜੀ. ਦੇ ਮਾਲਕ ਨੂੰ ਦੱਸਿਆ ਗਿਆ ਜਿਸ ਨੇ ਉਨ੍ਹਾਂ ਤੋਂ ਪੀ. ਜੀ. ਖਾਲੀ ਕਰਵਾ ਲਿਆ। ਇਸ ਕਾਰਨ ਇਹ ਲੜਕੇ ਉਸ ਨਾਲ ਖੁੰਦਕ ਖਾਣ ਲੱਗ ਗਏ ਸਨ।
ਇਹ ਵੀ ਪੜ੍ਹੋ : ਪ੍ਰਧਾਨਗੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਟਰੱਕ ਯੂਨੀਅਨ ’ਚ ਚੱਲੀਆਂ ਤਲਵਾਰਾਂ, 2 ਦੀ ਹਾਲਤ ਗੰਭੀਰ
ਸਿਵਲ ਹਸਪਤਾਲ ਵਿਚ ਜੇਰੇ ਇਲਾਜ ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਦੁਕਾਨ ਖੋਲ੍ਹ ਕੇ ਧੂਫ ਬੱਤੀ ਕਰਨ ਲੱਗਿਆ ਸੀ ਤਾਂ ਇਸੇ ਦੌਰਾਨ ਇਕ ਲੜਕਾ ਉੱਥੇ ਪੈਟਰੋਲ ਲੈ ਕੇ ਆਇਆ। ਉਸ ਨੇ ਉੱਥੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਇਸੇ ਦੌਰਾਨ ਖਰੜ ਸਿਟੀ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਖਰੜ ਸਿਟੀ ਪੁਲਸ ਵੱਲੋਂ ਇਸ ਸਬੰਧੀ ਫਿਲਹਾਲ ਅਮਨ ਨਾਂ ਦੇ ਮੁਲਜ਼ਮ ਦੇ ਵਿਰੁੱਧ ਕਾਤਲਾਨਾ ਹਮਲਾ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ