ਜ਼ਿਲ੍ਹਾ ਸੰਗਰੂਰ ''ਚ ਕੋਰੋਨਾ ਦਾ ਕਹਿਰ ਜਾਰੀ, 1 ਦੀ ਗਈ ਜਾਨ ਤੇ 60 ਪਾਜ਼ੇਟਿਵ ਨਿਕਲੇ
Friday, Jan 14, 2022 - 05:30 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਜ਼ਿਲ੍ਹਾ ਸੰਗਰੂਰ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ 60 ਕੇਸ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸੰਗਰੂਰ ’ਚ ਸਾਹਮਣੇ ਆਏ। ਬੇਸ਼ੱਕ ਅੱਜ 115 ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ’ਤੇ ਜਿੱਤ ਹਾਸਲ ਕਰਕੇ ਘਰ ਵਾਪਸੀ ਕਰ ਚੁੱਕੇ ਹਨ ਪਰ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਸਿਹਤ ਬਲਾਕ ਸੰਗਰੂਰ ’ਚ 5, ਸੁਨਾਮ ’ਚ 6 ਕੌਹਰੀਆਂ 8, ਲੌਂਗੋਵਾਲ 6, ਧੂਰੀ 19 ਮੂਣਕ 1, ਸ਼ੇਰਪੁਰ 4 ਅਤੇ ਭਵਾਨੀਗੜ੍ਹ ਵਿਖੇ 11 ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ।
ਜ਼ਿਲ੍ਹਾ ਸੰਗਰੂਰ ’ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 397 ਰਹਿ ਗਈ ਹੈ। ਜ਼ਿਲ੍ਹਾ ਸੰਗਰੂਰ ਅੰਦਰ ਹੁਣ ਤੱਕ 16315 ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ ਅਤੇ 15039 ਵਿਅਕਤੀ ਤੰਦਰੁਸਤ ਹੋ ਕੇ ਘਰ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੀ ਗਿਣਤੀ 879 ਹੋ ਚੁੱਕੀ ਹੈ ਤੇ 397 ਕੇਸ ਕੋਰੋਨਾ ਐਕਟਿਵ ਹਨ। ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਜ਼ਰੂਰ ਪਹਿਨਿਆ ਜਾਵੇ।