ਡਾਕਟਰਾਂ ਵਲੋਂ ਖੇਤੀ ਬਿੱਲਾਂ ਦਾ ਵਿਰੋਧ, ਕਿਹਾ- ਕਿਸਾਨਾਂ ਸਹਿਤ ਮਜ਼ਦੂਰ ਅਤੇ ਵਪਾਰੀ ਲਈ ਵੀ ਘਾਤਕ

09/24/2020 4:25:18 PM

ਤਪਾ ਮੰਡੀ(ਸ਼ਾਮ,ਗਰਗ)-ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਖੇਤੀ ਬਿਲਾਂ ਦਾ ਪੁਰਜ਼ੋਰ ਵਿਰੋਧ ਕਰਦਿਆਂ ਇਨ੍ਹਾਂ ਨੂੰ ਪੰਜਾਬ ਦੀ ਕਿਸਾਨ, ਮਜਦੂਰ ਛੋਟੇ ਵਪਾਰ ਕਰ ਵਾਲੇ ਪਰਿਵਾਰਾਂ ਵਿਚੋਂ ਮੈਡੀਕਲ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਦੇ ਭਵਿੱਖ ਲਈ ਮਾਰੂ ਕਰਾਰ ਦਿੱਤਾ ਹੈ। ਪੀਸੀਐਮਐਸ ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਡਾ.ਜਸਵੀਰ ਸਿੰਘ ਔਲਖ, ਸੂਬਾ ਪ੍ਰਧਾਨ ਡਾ. ਗਗਨਦੀਪ ਸਿੰਘ, 
ਸੂਬਾ ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ, ਸੂਬਾ ਸਕੱਤਰ ਡਾ. ਮਨੋਹਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸ਼ੇਰਗਿੱਲ ਆਗੂਆਂ ਨੇ ਕਿਹਾ ਕਿ ਪੰਜਾਬ ਲੰਮੇਂ ਸਮੇਂ ਤੋਂ ਚੌਤਰਫਾ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਦੀ ਜਵਾਨੀ ਘਰ-ਵਾਰ, ਮਾਂ-ਬਾਪ ਨੂੰ ਛੱਡਕੇ ਵਿਦੇਸ਼ ਉਡਾਰੀ ਮਾਰ ਰਹੀ ਹੈ ਜਾਂ ਨਿਰਾਸ਼ਤਾ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ। ਬੇਰੁਜ਼ਗਾਰੀ ਦਾ ਦੈਂਤ ਮੂੰਹ ਅੱਡੀ ਖਲੋਤਾ ਹੈ। ਅਜਿਹੇ ਸਮੇਂ ਆਸ ਦੀ ਮਾੜੀ ਮੋਟੀ ਕਿਰਨ ਖੇਤੀ ਅਰਥਚਾਰੇ ਵਿਚ ਆ ਰਹੀ ਸੀ, ਜਿਹੜਾ ਕਿ ਪੰਜਾਬ ਦੀ ਰੀੜ ਦੀ ਹੱਡੀ ਹੈ। ਨਿੱਜੀਕਰਨ ਦਾ ਦੈਂਤ ਪਹਿਲਾਂ ਹੀ ਜਨਤਕ ਅਦਾਰਿਆਂ ਨੂੰ ਨਿਗਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿਚ ਖੇਤੀ ਬਿਲਾਂ ਦੇ ਰੂਪ ਵਿਚ ਕੇਂਦਰੀ 
ਹਕੂਮਤ ਨੇ ਪੰਜਾਬ ਦੀ ਇਸ ਰੀੜ ਦੀ ਹੱਡੀ ਉਪਰ ਭਰਵਾਂ ਵਾਰ ਕੀਤਾ ਹੈ। ਖੇਤੀ ਬਿਲਾਂ ਨੇ ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦੇਣਾ ਹੈ, ਜਿਸ ਨਾਲ ਹਰੇਕ ਖੇਤਰ ਪ੍ਰਭਾਵਿਤ ਹੋਵੇਗਾ। ਪੀਸੀਐਮਐਸ ਐਸੋਸੀਏਸ਼ਨ ਦੇ ਆਗੂਆਂ ਡਾ. ਗੁਰਮੇਲ ਸਿੰਘ ਬਠਿੰਡਾ, ਡਾ. ਮਨਜੀਤ ਸਿੰਘ ਕਪੂਰਥਲਾ, ਡਾ. ਰਣਜੀਤ ਸਿੰਘ ਰਾਏ, ਡਾ. ਹਰਪ੍ਰੀਤ ਸੇਖੋਂ ਲੁਧਿਆਣਾ, ਡਾ. ਸਿਮਰਨਜੀਤ ਸਿੰਘ, ਡਾ. ਮਦਨ ਮੋਹਨ ਅੰਮ੍ਰਿਤਸਰ ਨੇ ਕਿਹਾ ਕਿ ਪਹਿਲਾਂ ਤੋਂ ਹੀ ਲੜਖੜਾ ਰਹੀਆਂ ਸਿਹਤ ਸੇਵਾਵਾਂ ਇਸ ਆਰਥਿਕਤਾ ਦੀ ਡੋਰੀ ਨਾਲ ਬੱਝੀਆਂ ਹੋਈਆਂ ਹਨ। ਕੋਈ ਸਮਾਂ ਸੀ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਕਿਸਾਨ, ਮਜਦੂਰ, ਦਰਮਿਆਨੇ ਖੇਤਰ ਵਿਚੋਂ ਬਹੁਤ ਸਾਰੇ ਵਿਦਿਆਰਥੀ ਮੈਡੀਕਲ ਖੇਤਰ ਦੀ ਪੜ੍ਹਾਈ ਵਿਚ ਆਉਂਦੇ ਸਨ, ਪਰੰਤੂ ਮਹਿੰਗੀ ਹੋਈ ਮੈਡੀਕਲ ਸਿੱਖਿਆ ਨੇ ਇਹਨਾਂ ਦੇ ਬੱਚਿਆਂ ਨੂੰ ਇਸ ਖੇਤਰ ਵਿਚ ਥੋੜ੍ਹਾ ਹਿੱਸਾ ਹੀ ਛੱਡਿਆ ਸੀ। ਜਦਕਿ ਇਨ੍ਹਾਂ ਕਿਸਾਨ ਮਾਰੂ ਬਿਲਾਂ ਨੇ ਕਿਸਾਨੀ ਦਾ ਗਲਾ ਪੂਰੀ ਤਰਾਂ ਘੁੱਟ ਦੇਣਾ ਹੈ। 
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਪੰਜਾਬ ਦੇ ਬਣ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਇਨ੍ਹਾਂ ਖੇਤੀ ਬਿਲਾਂ ਦਾ ਪੁਰਜ਼ੋਰ ਵਿਰੋਧ ਕਰਦੀ ਹੈ ਅਤੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਨਾਲ ਖੜ੍ਹੀ ਹੈ।


Aarti dhillon

Content Editor

Related News