ਇੱਕ ਔਰਤ ਅਧਿਕਾਰੀ ਦੇ ਰਾਹ ਵਿੱਚ ਵਿਰੋਧੀਆਂ ਨੇ ਥਾਂ-ਥਾਂ ''ਤੇ ਵਿਛਾਏ ਕੰਡੇ : ਕਾਕਾ ਦਾਤੇਵਾਸ
Saturday, Jun 08, 2024 - 08:17 PM (IST)
ਮਾਨਸਾ (ਸੰਦੀਪ ਮਿੱਤਲ)- ਵਿਰੋਧੀਆਂ ਨੇ ਹਮੇਸ਼ਾ ਪਰਮਪਾਲ ਕੌਰ ਨੂੰ ਨਿਸ਼ਾਨਾ ਬਣਾ ਕੇ ਰੱਖਿਆ। ਉਹ ਬੇਸ਼ੱਕ ਸਰਕਾਰੀ ਨੌਕਰੀ 'ਤੇ ਸਨ, ਪਰ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਉਨ੍ਹਾਂ ਦੇ ਪੈਰਾਂ ਵਿੱਚ ਕੰਡੇ ਵਿਛਾਏ ਅਤੇ ਉਨ੍ਹਾਂ ਦੇ ਰਾਹ ਰੋਕੇ। ਇਸ ਨੂੰ ਲੈ ਕੇ ਉੱਘੇ ਸਮਾਜ ਸੇਵੀ ਅਤੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਉੱਪ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਲੋਕਾਂ ਨੇ ਪਾਰਲੀਮੈਂਟ ਚੋਣਾਂ ਵਿੱਚ ਜੋ ਭਾਰਤੀ ਜਨਤਾ ਪਾਰਟੀ ਨੂੰ ਪਿਆਰ, ਮਾਣ-ਸਤਿਕਾਰ, ਰੁਤਬਾ, ਸਮਰਥਨ ਰੱਜ ਕੇ ਬਖਸ਼ਿਆ, ਇਸੇ ਕਰ ਵਿਰੋਧੀ ਪਾਰਟੀਆਂ ਦੇ ਭਾਜਪਾ ਦੀ ਇਹ ਲੋਕਪ੍ਰਿਯਤਾ ਹਜ਼ਮ ਨਹੀਂ ਹੋਈ ਅਤੇ ਉਨ੍ਹਾਂ ਨੇ ਆਪਣੇ ਲਈ ਵੱਕਾਰ ਦਾ ਸਵਾਲ ਬਣਾ ਲਿਆ ਕਿ ਪਰਮਪਾਲ ਕੌਰ ਸਿੱਧੂ ਜਿੱਤਣੇ ਨਹੀਂ ਚਾਹੀਦੇ।
ਇਸੇ ਵਿੱਚੋਂ ਕਿਸਾਨੀ ਵਿਰੋਧ ਦੇ ਬਹਾਨੇ ਉਨ੍ਹਾਂ ਦਾ ਵਿਰੋਧ ਕਰਵਾਇਆ ਗਿਆ। ਉਨ੍ਹਾਂ ਦੇ ਹਰ ਸਮਾਗਮ ਵਿੱਚ ਵੱਡੇ ਨੇਤਾਵਾਂ ਦੇ ਪਹੁੰਚਣ 'ਤੇ ਅੜਚਣ ਪਾਈ ਗਈ ਅਤੇ ਹੋਰ ਦਿੱਕਤਾਂ ਖੜ੍ਹੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿੱਧੇ ਤੌਰ ਤੇ ਵਿਰੋਧੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਭਾਜਪਾ ਉਮੀਦਵਾਰ ਪ੍ਰਤੀ ਕੋਝੀ ਰਾਜਨੀਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਪਰਮਪਾਲ ਕੌਰ ਸਿੱਧੂ ਇੱਕ ਅਧਿਕਾਰੀ ਵਜੋਂ ਪੰਜਾਬ ਸਰਕਾਰ ਵਿੱਚ ਸੇਵਾ ਨਿਭਾ ਰਹੇ ਸਨ, ਤਦ ਵਿਤਕਰਾ ਕਰਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਜਿਲ੍ਹੇ ਦਾ ਡਿਪਟੀ ਕਮਿਸ਼ਨਰ ਨਹੀਂ ਲਗਾਇਆ ਅਤੇ ਕੋਈ ਵੱਡੀ ਜਿੰਮੇਵਾਰੀ ਨਹੀਂ ਸੌਂਪੀ।
ਇਹ ਵੀ ਪੜ੍ਹੋ- ਆਖ਼ਿਰ ਕੌਣ ਹੈ CISF ਵਾਲੀ ਕੁਲਵਿੰਦਰ ਕੌਰ, ਜਿਸ ਨੇ ਕੰਗਨਾ ਰਣੌਤ ਦੇ ਜੜ ਦਿੱਤਾ 'ਥੱਪੜ' ?
ਉਨ੍ਹਾਂ ਵੱਲੋਂ ਸਵੈ-ਇੱਛਾ ਨਾਲ 6 ਮਹੀਨੇ ਪਹਿਲਾਂ ਆਪਣੀ ਨੌਕਰੀ ਛੱਡ ਦੇਣ ਦੀ ਮਰਜ਼ੀ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਵਿਰੋਧੀ ਪਾਰਟੀਆਂ ਨਾਲ ਰਲ ਕੇ ਉਨ੍ਹਾਂ ਨਾਲ ਧੱਕਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਸਦਕਾ ਨਿਯਮਾਂ ਦੇ ਮੁਤਾਬਕ ਨੌਕਰੀ ਤੋਂ ਸੇਵਾ-ਮੁਕਤ ਹੋਣ ਉਪਰੰਤ ਮਿਲਣ ਵਾਲੇ ਅਧਿਕਾਰ, ਫਾਇਦੇ ਅਤੇ ਬੁਢੇਪੇ ਦਾ ਸਹਾਰਾ ਪੈਨਸ਼ਨ ਵੀ ਲਟਕਾ ਦਿੱਤੇ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਵਿਰੋਧੀ ਪਾਰਟੀਆਂ ਨੂੰ ਰਾਜਨੀਤਿਕ ਤੌਰ 'ਤੇ ਉਨ੍ਹਾਂ ਦਾ ਚੋਣ ਲੜਣਾ ਵੀ ਚੰਗਾ ਨਹੀਂ ਲੱਗਿਆ ਕਿਉਂਕਿ ਵਿਰੋਧੀਆਂ ਨੂੰ ਆਪਣੀ ਹਾਰ ਦਿਖਦੀ ਸੀ।
ਉਨ੍ਹਾਂ ਕਿਹਾ ਕਿ ਪਰਮਪਾਲ ਕੋਰ ਸਿੱਧੂ ਮਲੂਕਾ ਭਾਜਪਾ ਵੱਲੋਂ ਲੋਕ ਕਚਹਿਰੀ ਵਿੱਚ ਪਹਿਲਾਂ ਵਾਂਗ ਕੰਮ ਕਰਦੇ ਰਹਿਣਗੇ। ਹਲਕੇ ਦੇ ਲੋਕਾਂ ਵੱਲੋਂ ਦਿੱਤਾ ਗਿਆ ਪਿਆਰ ਭਾਜਪਾ ਸਿਰ ਇੱਕ ਕਰਜਾ ਹੈ ਅਤੇ ਉਹ ਇਸ ਕਰਜੇ ਦਾ ਕਦੇ ਵੀ ਮੁੱਲ ਮੋੜ ਨਹੀਂ ਸਕਣਗੇ। ਉਨ੍ਹਾਂ ਦੇ ਮਨ ਦੀ ਸੰਤੁਸ਼ਟੀ ਲੋਕਾਂ ਵਿੱਚ ਬਣੇ ਰਹਿਣਾ ਹੀ ਹੈ, ਜੋ ਹਮੇਸ਼ਾ ਜਾਰੀ ਰਹੇਗਾ।
ਉੱਧਰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਹਾਰ ਚੁੱਕੇ ਭਾਜਪਾ ਨੇਤਾ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਮਰਥਨ ਅਤੇ ਪਿਆਰ ਦਿੱਤਾ, ਜਿਸ ਸਦਕਾ ਭਾਜਪਾ ਪੰਜਾਬ ਵਿੱਚ ਵੱਡਾ ਵੋਟ ਬੈਂਕ ਹਾਸਿਲ ਕਰ ਸਕੀ ਹੈ। ਸੂਬੇ ਭਰ ਦੀਆਂ 13 ਵਿੱਚੋਂ 12 ਸੀਟਾਂ ਤੇ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਅਤੇ ਉਸ ਨੇ ਵਿਰੋਧੀਆਂ ਨੂੰ ਕੜੀ ਟੱਕਰ ਦਿੱਤੀ ਹੈ। ਇਸ ਦੇ ਇਲਾਵਾ ਭਾਜਪਾ ਦਾ ਵੋਟ ਪ੍ਰਤੀਸ਼ਤ ਪਹਿਲਾਂ ਦੇ ਮੁਕਾਬਲੇ ਵਧਣਾ ਵੀ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ। ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਅੰਦਰ ਚੰਗਾ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ- ਕੰਗਨਾ ਰਣੌਤ 'ਥੱਪੜ' ਮਾਮਲੇ 'ਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦਾ ਵੋਟ ਪ੍ਰਤੀਸ਼ਤ 18.56% ਹੋਇਆ ਹੈ, ਜਿਸ ਵਿੱਚ 6.06% ਵਾਧਾ ਹੋਇਆ ਹੈ, ਜਦਕਿ ਅਕਾਲੀ ਦਲ ਸੁੰਗੜ ਗਿਆ ਅਤੇ ਭਾਜਪਾ ਉਸ ਨਾਲੋਂ ਅੱਗੇ ਨਿਕਲ ਗਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨਾ ਜਾ ਸਕਣ ਕਾਰਨ ਕਿਸਾਨੀ ਵਿਰੋਧ ਕਰਕੇ ਭਾਜਪਾ ਪ੍ਰਚਾਰ ਨਹੀਂ ਕਰ ਸਕੀ। ਪਰ ਇਸ ਦੇ ਬਾਵਜੂਦ ਉਸ ਨੇ ਵਿਰੋਧੀਆਂ ਨੂੰ ਵੱਡਾ ਮੁਕਾਬਲਾ ਦਿੱਤਾ ਅਤੇ ਆਪਣੀ ਪੈਠ ਬਣਾ ਕੇ ਰੱਖੀ।
ਉਨ੍ਹਾਂ ਇਹ ਵੀ ਕਿਹਾ ਕਿ ਇੱਕ ਮਹਿਲਾ ਅਧਿਕਾਰੀ ਨੂੰ 60 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਮੌਕੇ ਇਸ ਤਰ੍ਹਾਂ ਜ਼ਲੀਲ ਕਰਨਾ ਸ਼ੋਭਾ ਨਹੀਂ ਦਿੰਦਾ। ਗੁਰੂਆਂ ਨੇ ਔਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਵਿਰੋਧੀਆਂ ਨੇ ਅਕਾਲੀਆਂ ਦੀ ਸ਼ਹਿ 'ਤੇ ਮਹਿਲਾ ਅਧਿਕਾਰੀ ਨੂੰ ਬੇਲੋੜਾ ਪ੍ਰੇਸ਼ਾਨ ਕੀਤਾ ਅਤੇ ਕਦਮ-ਕਦਮ 'ਤੇ ਅੜਚਣਾਂ ਪੈਦਾ ਕੀਤੀਆਂ। ਪਰ ਉਨ੍ਹਾਂ ਦੀ ਨਾ ਪਹਿਲਾਂ ਨਾ ਹੁਣ ਪਰਵਾਹ ਕੀਤੀ ਹੈ। ਉਹ ਸੱਚੇ ਪਾਤਸ਼ਾਹ ਦੀ ਕ੍ਰਿਪਾ ਨਾਲ ਆਪਣੇ ਹੱਕਾਂ ਲਈ ਡਟੇ ਰਹਿਣਗੇ। ਅਜਿਹੇ ਔਰਤਾਂ ਨਾਲ ਧੱਕੇ ਕਰਨ ਵਾਲਿਆਂ ਨੂੰ ਪਰਮਾਤਮਾ ਹੀ ਸੁਮੱਤ ਬਖਸੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e