ਆਪਸੀ ਰੰਜਸ਼ ਕਾਰਨ ਝਗੜੇ 'ਚ ਚੱਲੀ ਗੋਲੀ, ਇੱਕ ਜ਼ਖਮੀ
Thursday, Apr 30, 2020 - 05:43 PM (IST)

ਫਿਰੋਜ਼ਪੁਰ(ਮਲਹੋਤਰਾ) - ਆਪਸੀ ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖਮੀ ਹੋ ਗਿਆ। ਘਟਨਾ ਬੁੱਧਵਾਰ ਦੇਰ ਸ਼ਾਮ ਬਸਤੀ ਭੱਟੀਆਂ ਵਾਲੀ ਵਿਚ ਹੋਈ। ਸਿਵਲ ਹਸਪਤਾਲ ਵਿਚ ਦਾਖਲ ਹੋਏ ਪੀੜਤ ਸੰਮਾ ਵਾਸੀ ਭਾਰਤ ਨਗਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਬਸਤੀ ਦੇ ਹੀ ਕੁਝ ਲੋਕਾਂ ਨੂੰ ਸ਼ੱਕ ਹੈ ਕਿ ਉਹ ਉਨਾਂ ਖਿਲਾਫ ਪੁਲਸ ਦੇ ਕੋਲ ਮੁਖਬਰੀ ਦਾ ਕੰਮ ਕਰਦਾ ਹੈ। ਇਸੇ ਸ਼ੱਕ ਦੀ ਰੰਜਸ਼ ਕਾਰਨ ਬੁੱਧਵਾਰ ਦੇਰ ਸ਼ਾਮ ਜਦ ਉਹ ਜਾ ਰਿਹਾ ਸੀ ਤਾਂ ਦੂਜੀ ਧਿਰ ਵੱਲੋਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਖੱਬੀ ਬਾਂਹ ਤੇ ਗੋਲੀ ਵੱਜਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਵੱਲੋਂ ਰੌਲਾ ਪਾਉਣ 'ਤੇ ਦੋਸ਼ੀ ਉਥੋਂ ਫਰਾਰ ਹੋ ਗਏ। ਥਾਣਾ ਸਿਟੀ ਦੇ ਏ.ਐਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਸੰਮਾ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।