ਤੀਜੇ ਦਿਨ ਵੀ ਕੰਮਕਾਜ ਛੱਡ ਕੇ ਧਰਨੇ ’ਤੇ ਡਟੇ ਰਹੇ ਨਿਰਮਾਣ ਵਿਭਾਗ ਦੇ ਕਰਮਚਾਰੀ
Wednesday, Dec 11, 2019 - 07:26 PM (IST)

ਫਿਰੋਜ਼ਪੁਰ,(ਮਲਹੋਤਰਾ)- ਪੰਜਾਬ ਸਰਕਾਰ ਵੱਲੋਂ ਤਿੰਨ ਮਹਿਕਮਿਆਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰਿਲੀਜ਼ ਨਾ ਕਰਨ ਦੇ ਵਿਰੋਧ ਵਿਚ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਯੂਨੀਅਨ ਦੇ ਸੱਦੇ ’ਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਨੇ ਬੁੱਧਵਾਰ ਲਗਾਤਾਰ ਤੀਜੇ ਦਿਨ ਰੋਸ ਧਰਨਾ ਦਿੱਤਾ। ਯੂਨੀਅਨ ਦੇ ਜ਼ਿਲਾ ਚੇਅਰਮੈਨ ਪਰਮਜੀਤ ਸਿੰਘ ਗਿੱਲ ਅਤੇ ਡਰਾਫਟਸਮੈਨ ਐਸੋਸੀਏਸ਼ਨ ਫਿਰੋਜ਼ਪੁਰ ਦੇ ਜ਼ਿਲਾ ਪ੍ਰਧਾਨ ਭੁਪਿੰਦਰਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਤਨਖਾਹਾਂ ’ਤੇ ਰੋਕ ਲਾਉਣਾ ਸਰਕਾਰ ਲਈ ਬਹੁਤ ਨਿੰਦਣਯੋਗ ਕੰਮ ਹੈ। ਇਸ ਦੇ ਨਾਲ ਸੰਯੁਕਤ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਨਿੰਦਾ ਕੀਤੀ ਗਈ। ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਰਮਚਾਰੀਆਂ ਦੇ ਪ੍ਰਤੀ ਅਜਿਹਾ ਰਵੱਈਆ ਬੰਦ ਨਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।