ਅਹਿਮ ਖ਼ਬਰ : ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ, ਜਾਣੋ ਕਿਸ ਜ਼ਿਲ੍ਹੇ ਨੂੰ ਕਿੰਨੇ ਮਿਲੇ ਡਿਪੂ
03/12/2023 1:03:54 AM

ਲੁਧਿਆਣਾ (ਖੁਰਾਣਾ)- ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ 22 ਜ਼ਿਲ੍ਹਿਆਂ ’ਚ 1201 ਨਵੇਂ ਰਾਸ਼ਨ ਡਿਪੂ ਅਲਾਟ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ’ਚ ਸਰਕਾਰ ਵੱਲੋਂ ਜਨਰਲ ਕੈਟਾਗਰੀ, ਐੱਸ. ਸੀ./ਬੀ. ਸੀ., ਰਿਟਾਇਰਡ ਫੌਜੀ, ਫ੍ਰੀਡਮ ਫਾਈਟਰ, ਅਪਾਹਜ ਵਰਗ, ਔਰਤਾਂ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਸੇਵੀ ਸੰਸਥਾਵਾਂ ਸਮੇਤ ਦੰਗਾ ਪੀੜਤ ਅਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਡਿਪੂ ਅਲਾਟ ਕਰਨ ਦੀ ਯੋਜਨਾ ਬਣਾਈ ਗਈ ਹੈ। ਅਸਲ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਹੀ ਪੰਜਾਬ ’ਚ ਸਰਗਰਮ ਅਨਾਜ ਮਾਫੀਆ ਦੇ ਖਿਲਾਫ਼ ਸ਼ਿਕੰਜਾ ਕੱਸਣ ਲਈ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦੀ ਰਣਨੀਤੀ ਅਪਣਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਪੰਜਾਬ ’ਚ ਜ਼ਿਆਦਾਤਰ ਆਟਾ ਚੱਕੀ ਮਾਲਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਰਾਸ਼ਨ ਡਿਪੂ ਚੱਲ ਰਹੇ ਹਨ। ਇਸ ਸਾਰੇ ਕਾਲੇ ਕਾਰੋਬਾਰ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਸਰਕਾਰ ਵੱਲੋਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਂਦੀ ਹੈ ਤਾਂ ਸਰਕਾਰ ਕਣਕ ਦੀ ਕਾਲਾਬਾਜ਼ਾਰੀ ਕਰਨ ’ਚ ਕਈ ਡਿਪੂ, ਹੋਟਲਾਂ, ਆਟਾ ਚੱਕੀ ਮਾਲਕਾਂ ਸਮੇਤ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀ ਵੱਡੀ ਸ਼ਮੂਲੀਅਤ ਸਾਹਮਣੇ ਆਉਣੀ ਤੈਅ ਹੈ।
ਇਹ ਖ਼ਬਰ ਵੀ ਪੜ੍ਹੋ : ਟਰਾਲੇ ਦੀ ਟਰੱਕਾਂ ਨਾਲ ਹੋਈ ਭਿਆਨਕ ਟੱਕਰ ਮਗਰੋਂ ਲੱਗੀ ਅੱਗ, 2 ਵਿਅਕਤੀ ਜ਼ਿੰਦਾ ਸੜੇ
ਵਰ੍ਹਿਆਂ ਪਹਿਲਾਂ ਮਰ ਚੁੱਕੇ ਕਈ ਡਿਪੂ ਹੋਲਡਰਾਂ ਦੇ ਰਾਸ਼ਨ ਡਿਪੂ ਤਾਂ ਸੂਤਰਾਂ ਮੁਤਾਬਕ ਖੁਰਾਕ ਅਤੇ ਸਿਵਲ ਸਪਲਾਈ ਦੇ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਨਾਲ ਠੇਕੇਦਾਰਾਂ ਵੱਲੋਂ ਠੇਕੇ ’ਤੇ ਅੰਦਰਖਾਤੇ ਚਲਾਏ ਜਾ ਰਹੇ ਹਨ ਤਾਂ ਨਾਲ ਹੀ ਜ਼ਿਆਦਾਤਰ ਮੋਬਾਇਲ ਰਾਸ਼ਨ ਡਿਪੂ ਹਵਾ ’ਚ ਬਿਨਾਂ ਵਿਭਾਗ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕੀਤੇ ਹੀ ਚਲਾਏ ਜਾ ਰਹੇ ਹਨ। ਅਜਿਹਾ ਨਹੀਂ ਕਿ ਇਸ ਦੀ ਜਾਣਕਾਰੀ ਖੁਰਾਕ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਮੁਲਾਜ਼ਮਾਂ ਨੂੰ ਨਹੀਂ, ਸਗੋਂ ਸਾਰਾ ਸੱਚ ਜਾਣਨ ਤੋਂ ਬਾਅਦ ਵੀ ਵਿਭਾਗ ਆਪਣੀ ਕੁੰਭਕਰਨੀ ਨੀਂਦ ਤਿਆਗਣ ਲਈ ਤਿਆਰ ਨਹੀਂ ਹੈ।
ਕਿਸ ਜ਼ਿਲ੍ਹੇ ਨੂੰ ਮਿਲੇ ਕਿੰਨੇ ਨਵੇਂ ਰਾਸ਼ਨ ਡਿਪੂ :
ਜ਼ਿਲ੍ਹਾ ਡਿਪੂਆਂ ਦੀ ਗਿਣਤੀ
ਅੰਮ੍ਰਿਤਸਰ 156
ਬਰਨਾਲਾ 51
ਫਰੀਦਕੋਟ 06
ਫਾਜ਼ਿਲਕਾ 21
ਫਿਰੋਜ਼ਪੁਰ 47
ਫਤਹਿਗੜ੍ਹ ਸਾਹਿਬ 23
ਗੁਰਦਾਸਪੁਰ 18
ਹੁਸ਼ਿਆਰਪੁਰ 46
ਜਲੰਧਰ 135
ਕਪੂਰਥਲਾ 18
ਲੁਧਿਆਣਾ 169
ਮਾਲੇਰਕੋਟਲਾ 19
ਮਾਨਸਾ 15
ਮੋਗਾ 39
ਪਠਾਨਕੋਟ 47
ਪਟਿਆਲਾ 169
SAS ਨਗਰ 15
ਸੰਗਰੂਰ 06
ਮੋਹਾਲੀ 122
ਰੂਪਨਗਰ 46
ਸ੍ਰੀ ਮੁਕਤਸਰ ਸਾਹਿਬ 33
ਤਰਨਤਾਰਨ 10
ਪ੍ਰਧਾਨ ਨੇ ਕੀਤਾ ਸਵਾਗਤ
ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਮਾਨ ਸਰਕਾਰ ਵੱਲੋਂ ਨਵੇਂ ਰਾਸ਼ਨ ਡਿਪੂ ਦੀ ਅਲਾਟਮੈਂਟ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਯਤਨ ਨੇ ਨਾਜਾਇਜ਼ ਤਰੀਕੇ ਨਾਲ ਚੱਲ ਰਹੀ ਰਾਸ਼ਨ ਡਿਪੂਆਂ ਦੀ ਠੇਕੇਦਾਰੀ ਪ੍ਰਥਾ ’ਤੇ ਨਕੇਲ ਕੱਸੀ ਜਾਵੇਗੀ।