ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਜ਼ਿਲੇ ਵਿਚ ਨਹੀਂ ਕੋਈ ਵੈਂਟੀਲੇਟਰ

04/02/2020 11:18:38 PM

ਮੋਰਿੰਡਾ, (ਧੀਮਾਨ, ਅਰਨੌਲੀ)- ਅੱਜ ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਸੰਸਾਰ ’ਤੇ ਹੈ ਅਤੇ ਲੱਖਾਂ ਦੀ ਤਾਦਾਦ ਵਿਚ ਲੋਕ ਕੋਰੋਨਾ ਗ੍ਰਸਤ ਹੋ ਚੁੱਕੇ ਹਨ ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿਚ ਵੀ ਕਾਫੀ ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ ਕਰੀਬ 47 ਮਰੀਜ਼ ਪਾਜ਼ੇਟਿਵ ਦੱਸੇ ਜਾ ਰਹੇ ਹਨ ਜਦਕਿ ਕੋਰੋਨਾ ਤੋਂ ਪੀਡ਼ਤ 5 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਹੂਲਤਾਂ ਨੂੰ ਲੈ ਕੇ ਇਟਲੀ ਦੁਨੀਆ ਵਿਚ ਦੂਸਰੇ ਨੰਬਰ ’ਤੇ ਆਉਂਦਾ ਹੈ ਪਰੰਤੂ ਉੱਥੇ ਦੇ ਹਾਲਾਤ ਇਹ ਹਨ ਕਿ ਉਹ ਦੂਸਰਾ ਵੁਹਾਨ ਬਣ ਚੁੱਕਾ ਹੈ। ਫਿਰ ਭਾਰਤ ਤਾਂ ਸਿਹਤ ਸੁਵਿਧਾਵਾਂ ਦੇ ਮਾਮਲੇ ’ਚ 112ਵੇਂ ਨੰਬਰ ’ਤੇ ਆਉਂਦਾ ਹੈ ਅਤੇ ਇਥੇ ਸਿਹਤ ਸੁਵਿਧਾਵਾਂ ਕਿਸੇ ਤੋਂ ਛੁਪੀਆਂ ਨਹੀਂ। ਕੋਰੋਨਾ ਪੀਡ਼ਤ ਮਰੀਜ਼ਾਂ ਦੀਆਂ ਮੌਤਾਂ ਸਭ ਤੋਂ ਵੱਧ ਇਟਲੀ ਵਿਚ ਹੋਈਆਂ ਹਨ ਜਦਕਿ ਅਮਰੀਕਾ ਵਿਖੇ ਵੀ ਇਹ ਅੰਕਡ਼ੇ ਕਿਸੇ ਤਰ੍ਹਾਂ ਘੱਟ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੀ ਸਿਹਤ ਸੁਵਿਧਾਵਾਂ ਦੀ ਹਾਲਤ ਅਜਿਹੀ ਹੈ ਕਿ ਕੋਰੋਨਾ ਜਿਹੀ ਮਹਾਮਾਰੀ ਨਾਲ ਪੂਰੀ ਤਰ੍ਹਾਂ ਨਾਲ ਨਜਿੱਠਣ ਦੇ ਸਮਰੱਥ ਨਹੀਂ। ਦੂਸਰੇ ਪਾਸੇ ਕੋਰੋਨਾ ਦੀ ਲਡ਼ੀ ਨੂੰ ਤੋਡ਼ਨ ਲਈ ਪੰਜਾਬ ਕਰਫ਼ਿਊ ਲਗਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਪ੍ਰੰਤੂ ਇੱਥੋਂ ਦੇ ਬਹੁਤੇ ਲੋਕ ਕੋਰੋਨਾ ਨਾਲ ਲਡ਼ਨ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਿਚ ਪੂਰੀ ਤਰ੍ਹਾਂ ਨਾਲ ਗੰਭੀਰ ਨਹੀਂ। ਜਿਸ ਕਾਰਣ ਪੁਲਸ ਪ੍ਰਸ਼ਾਸਨ ਨੂੰ ਸਖਤੀ ਦਿਖਾਉਣੀ ਪੈ ਰਹੀ ਹੈ। ਚਰਚਾਵਾਂ ਅਨੁਸਾਰ ਅੱਜ ਦੇ ਹਾਲਾਤ ਅਜਿਹੇ ਹਨ ਕਿ ਪੰਜਾਬ ਵਿਚ ਵੀ ਇਸ ਬੀਮਾਰੀ ਨੂੰ ਲੈ ਕੇ ਆਉਣ ਵਾਲਾ ਸਮਾਂ ਗੰਭੀਰ ਮੰਨਿਆ ਜਾ ਰਿਹਾ ਹੈ। ਉੱਤੋਂ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਵੀ ਨਹੀਂ ਮਿਲ ਰਿਹਾ। ਜ਼ਿਲਾ ਰੂਪਨਗਰ ਲਈ ਇਹ ਚੰਗੀ ਗੱਲ ਹੈ ਕਿ ਜ਼ਿਲੇ ਵਿਚ ਕੋਰੋਨਾ ਪੀਡ਼ਤ ਇਕ ਵੀ ਮਰੀਜ਼ ਨਹੀਂ ਪ੍ਰੰਤੂ ਇਹ ਜ਼ੀਰੋ ਲਾਈਨ ਕਦ ਟੁੱਟ ਸਕਦੀ ਹੈ, ਇਸ ਦਾ ਵੀ ਕੋਈ ਭਰੋਸਾ ਨਹੀਂ। ਉਧਰ ਕੋਰੋਨਾ ਨਾਲ ਲਡ਼ਨ ਲਈ ਸਭ ਤੋਂ ਵੱਧ ਜ਼ਰੂਰਤ ਵੈਂਟੀਲੇਟਰਾਂ ਦੀ ਹੈ। ਲੋਕਾਂ ਅਨੁਸਾਰ ਸਰਕਾਰੀ ਹਸਪਤਾਲ ’ਚ ਕੋਈ ਵੈਂਟੀਲੇਟਰ ਨਹੀਂ ਪਰੰਤੂ ਪਰਮਾਤਮਾ ਨਾ ਕਰੇ ਜੇਕਰ ਅਜਿਹਾ ਕੋਈ ਕੋਰੋਨਾ ਪ੍ਰਭਾਵਤ ਮਰੀਜ਼ ਮਿਲਦਾ ਹੈ ਤਾਂ ਉਸ ਦੀ ਸੰਭਾਲ ਕਰਨਾ ਮੁਸ਼ਕਿਲ ਹੋ ਸਕਦਾ ਹੈ। ਜਦੋਂ ਇਸ ਸਬੰਧੀ ਸੀ. ਐੱਮ. ਓ. ਰੂਪਨਗਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੇਸ਼ਕ ਇੱਥੇ ਕੋਈ ਵੈਂਟੀਲੇਟਰ ਨਹੀਂ ਪ੍ਰੰਤੂ ਲੋਡ਼ ਸਮੇਂ ਉਨ੍ਹਾਂ ਦਾ ਪ੍ਰਾਈਵੇਟ ਹਸਪਤਾਲ ਨਾਲ ਟਾਈਅੱਪ ਹੈ।

ਅਹਿਮ ਅਹੁਦਿਆਂ ’ਤੇ ਪਹੁੰਚੇ ਦਰਜਨਾਂ ਦਿੱਗਜ, ਪਰ ਨਹੀਂ ਇਕ ਵੀ ਵੈਂਟੀਲੇਟਰ

ਲੋਕਾਂ ਅਨੁਸਾਰ ਅਜ਼ਾਦੀ ਦੇ 70 ਸਾਲਾਂ ਵਿਚ ਜ਼ਿਲਾ ਰੂਪਨਗਰ ਨੇ ਅਜਿਹੇ ਦਰਜਨਾਂ ਦਿੱਗਜ ਪੈਦਾ ਕੀਤੇ ਹਨ ਜਿਨ੍ਹਾਂ ਨੇ ਇੱਥੋਂ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤਕ ਦਾ ਰਾਜਨੀਤਕ ਸਫ਼ਰ ਕੀਤਾ ਪ ੍ਰੰਤੂ ਫਿਰ ਵੀ ਇਸ ਜ਼ਿਲੇ ਨੂੰ ਸਿਹਤ ਸੁਵਿਧਾਵਾਂ ਦੀ ਘਾਟ ਰਹੀ ਅਤੇ ਅੱਜ ਤਕ ਇਥੇ ਇਕ ਵੀ ਵੈਂਟੀਲੇਟਰ ਨਾ ਹੋਣਾ ਹੈਰਾਨੀਜਨਕ ਹੈ। ਜਦਕਿ ਜ਼ਿਲਾ ਰੂਪਨਗਰ ਤੋਂ ਰਾਜਨੀਤਕ ਸਫ਼ਰ ਸ਼ੁਰੂ ਕਰਨ ਵਾਲਿਆਂ ਵਿਚ ਕਈ ਦਿੱਗਜ ਆਗੂ ਇਸ ਸਮੇਂ ਵੀ ਸਰਕਾਰ ਵਿਚ ਹਨ। ਜਿਨ੍ਹਾਂ ਵਿਚ ਮੌਜੂਦਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਰਾਜਨੀਤਕ ਸਫਰ ਵੀ ਇਸੇ ਜ਼ਿਲੇ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਜਿਥੋਂ ਦੇ ਮੌਜੂਦਾ ਸੰਸਦ ਮੈਂਬਰ ਅਤੇ ਕੱਦਾਵਰ ਆਗੂ ਮਨੀਸ਼ ਤਿਵਾਡ਼ੀ ਹਨ। ਜਦਕਿ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਪੰਡਿਤ ਰਮੇਸ਼ ਦੱਤ ਸ਼ਰਮਾ, ਸਾਬਕਾ ਮੰਤਰੀ ਤਾਰਾ ਸਿੰਘ ਲਾਡਲ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਐੱਮ. ਪੀ. ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ ਵੀ ਇਸ ਜ਼ਿਲੇ ਵਿਚ ਸਰਗਰਮ ਸਿਆਸਤ ਕਰ ਚੁੱਕੇ ਹਨ, ਪ੍ਰੰਤੂ ਕਿੰਨੀ ਹਾਸੋਹੀਣੀ ਗੱਲ ਹੈ ਕਿ ਇੰਨੇ ਦਿੱਗਜ ਆਗੂਆਂ ਦੇ ਇਸ ਜ਼ਿਲੇ ਵਿਚ ਵਿਚਰਨ ਤੋਂ ਬਾਅਦ ਵੀ ਇਸ ਜ਼ਿਲੇ ਨੂੰ ਇਕ ਵੀ ਵੈਂਟੀਲੇਟਰ ਨਸੀਬ ਨਹੀਂ, ਜਿਸ ਨਾਲ ਕੋਰੋਨਾ ਜਿਹੀ ਮਹਾਮਾਰੀ ਨਾਲ ਨਜਿੱਠਣ ਲਈ ਲਡ਼ਾਈ ਲਡ਼ੀ ਜਾ ਸਕੇ।


Bharat Thapa

Content Editor

Related News