ਪੰਜਾਬ ’ਚ ਟਿੱਡੀ-ਦਲ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ: PAU ਕੀਟ ਮਾਹਿਰ

05/07/2020 1:21:28 AM

ਲੁਧਿਆਣਾ, (ਸਲੂਜਾ)- ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਮਾਰੂਥਲੀ ਟਿੱਡੀ-ਦਲ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ ਅਤੇ ਮੱਧ-ਪੂਰਬ ਦੇਸ਼ਾਂ ਅਤੇ ਭਾਰਤ ਪੱਖੋਂ ਇਸ ਦੇ ਦੱਖਣੀ ਇਰਾਨ ਅਤੇ ਪਾਕਿਸਤਾਨ ਵਿਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ ਦੇ ਸਰਹੱਦੀ ਸੂਬਿਆਂ (ਰਾਜਸਥਾਨ, ਪੰਜਾਬ, ਗੁਜਰਾਤ) ਦੀ ਖੇਤੀ ਅਤੇ ਬਨਸਪਤੀ ਲਈ ਇਕ ਚੁਣੌਤੀ ਹੈ। ਹਾਲਾਂਕਿ ਇਨ੍ਹਾਂ ਟਿੱਡੀਆਂ ਦਾ ਬਰਸਾਤ ਦੇ ਮੌਸਮ ਵਿਚ ਆਉਣਾ ਇਕ ਪੁਰਾਣਾ ਵਰਤਾਰਾ ਹੈ ਪਰ ਇਸ ਸਾਲ ਸਰਦੀਆਂ ਦੇ ਮੌਸਮ ਵਿਚ ਟਿੱਡੀ ਦਲ ਦਾ ਆਉਣਾ ਇਕ ਨਵਾਂ ਵਰਤਾਰਾ ਰਿਹਾ ਅਤੇ ਇਸ ਨੂੰ ਮੌਸਮ ਤਬਦੀਲੀਆਂ ਦੀਆਂ ਘਟਨਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੀ. ਏ. ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਕਿਹਾ ਕਿ ਇਸ ਸਾਲ ਜਨਵਰੀ-ਫਰਵਰੀ ਦੇ ਮਹੀਨੇ '’ਚ ਸਰਹੱਦ ਪਾਰੋਂ ਟਿੱਡੀ ਦਲ ਦੇ ਛੋਟੇ ਅਤੇ ਦਰਮਿਆਨੇ ਸਮੂਹ ਰਾਜਸਥਾਨ ਅਤੇ ਪੰਜਾਬ ਵਿਚ ਦਾਖਲ ਹੋਏ ਸਨ ਜੋ ਕਿ ਮੁਕੰਮਲ ਤੌਰ ’ਤੇ ਝਟਪਟ ਹੀ ਖਤਮ ਕਰ ਦਿੱਤੇ ਗਏ ਸਨ। ਪੰਜਾਬ ਵਿਚ ਇਨ੍ਹਾਂ ਟਿੱਡੀਆਂ ਦੇ ਛੋਟੇ ਸਮੂਹਾਂ ਦਾ ਕੋਈ ਗੰਭੀਰ ਖਤਰਾ ਨਹੀਂ ਸੀ। ਪੰਜਾਬ ਚ ਸਰਦੀਆਂ ਤੋਂ ਬਾਅਦ ਤਾਪਮਾਨ ਵਿੱਚ ਵਾਧੇ ਅਤੇ ਫਸਲਾਂ/ ਬਨਸਪਤੀ ਦੀ ਵੱਡੀ ਸੰਭਾਵਨਾ ਦੇ ਮੱਦੇ-ਨਜ਼ਰ ਸਰਹੱਦ ਪਾਰੋਂ ਸਾਨੂੰ ਸੰਭਾਵਿਤ ਵੱਡੇ ਬਾਲਗ ਟਿੱਡੀਆਂ ਦੇ ਹਮਲਿਆਂ ਤੋਂ ਬਚਣ ਦੀ ਲੋੜ ਹੈ। ਕਿਸਾਨਾਂ ਨੂੰ ਇਸ ਟਿੱਡੀ ਦਲ ਦੇ ਹਮਲੇ ਪ੍ਰਤੀ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਜੇਕਰ ਟਿੱਡੀ ਦਲ ਦੇ ਨਾਬਾਲਗ ਹਾਪਰਾਂ ਦਾ ਸਮੂਹ ਜਾਂ ਉੱਡਦੇ ਹੋਏ ਬਾਲਗਾਂ ਦਾ ਸਮੂਹ ਜਾਂ ਇਨ੍ਹਾਂ ਦਾ ਹਮਲਾ ਖੇਤਾਂ ’ਚ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਫੌਰੀ ਤੌਰ ’ਤੇ ਆਪਣੇ ਜ਼ਿਲੇ ਦੀ ਪੀ. ਏ. ਯੂ. ਸੰਸਥਾ ਜਾਂ ਪੰਜਾਬ ਸਰਕਾਰ ਦੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੂੰ ਦੇਣ ਤਾਂ ਜੋ ਇਸ ਕੀੜੇ ਦੀ ਸੁਚੱਜੀ ਰੋਕਥਾਮ ਕਰ ਕੇ ਫਸਲਾਂ ਅਤੇ ਹੋਰ ਬਨਸਪਤੀ ਨੂੰ ਬਚਾਇਆ ਜਾ ਸਕੇ।


Bharat Thapa

Content Editor

Related News