ਰੈਸਟੋਰੈਂਟ ''ਚ ਨਾਬਾਲਿਗਾਂ ਨੂੰ ਪਰੋਸੀ ਜਾ ਰਹੀ ਸੀ ਸ਼ਰਾਬ, NCPCR ਅਧਿਕਾਰੀਆਂ ਨੇ ਮਾਰਿਆ ਛਾਪਾ

Wednesday, Dec 27, 2023 - 01:44 AM (IST)

ਚੰਡੀਗੜ੍ਹ (ਬਿਊਰੋ)- ਮੰਗਲਵਾਰ ਦੇਰ ਰਾਤ ਮੋਹਾਲੀ ਦੇ ਫੇਜ਼-11 ਸਥਿਤ ਬੈਸਟੈੱਕ ਸਕੇਅਰ ਮਾਲ ਵਿਚ ਸੈਕਿੰਡ ਵਾਈਫ਼ ਬਾਰ ਐਂਡ ਰੈਸਟੋਰੈਂਟ ਵਿਚ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ.ਸੀ.ਪੀ.ਸੀ.ਆਰ.) ਦੇ ਅਧਿਕਾਰੀਆਂ ਨੇ ਛਾਪਾ ਮਾਰਿਆ। ਕਮਿਸ਼ਨ ਦੇ ਚੇਅਰਪਰਸਨ ਪ੍ਰਿਅੰਕ ਕਾਨੂੰਨਗੋ ਨੂੰ ਸੂਚਨਾ ਮਿਲੀ ਸੀ ਕਿ ਬਾਰ ਅਤੇ ਰੈਸਟੋਰੈਂਟਾਂ ਵਿਚ ਨਾਬਾਲਿਗਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਹੈ। ਕਮਿਸ਼ਨ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋ ਨਾਬਾਲਿਗਾਂ ਨੂੰ ਸ਼ਰਾਬ ਪੀਂਦੇ ਅਤੇ ਨਿਕੋਟੀਨ ਦਾ ਸੇਵਨ ਕਰਦੇ ਦੇਖਿਆ, ਜਿਨ੍ਹਾਂ ਨੂੰ ਤੁਰੰਤ ਰੈਸਕਿਊ ਕਰ ਕੇ ਮੋਹਾਲੀ ਦੇ ਫੇਜ਼-6 ਹਸਪਤਾਲ ਵਿਖੇ ਲਿਆਂਦਾ ਗਿਆ। ਦੇਰ ਰਾਤ ਡਾਕਟਰਾਂ ਦੀ ਟੀਮ ਨੇ ਇਨ੍ਹਾਂ ਦਾ ਮੈਡੀਕਲ ਟੈਸਟ ਕੀਤਾ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਪ੍ਰਿਅੰਕ ਕਾਨੂੰਨਗੋ ਅਨੁਸਾਰ ਉਕਤ ਨਾਬਾਲਿਗ ਮੌਕੇ ’ਤੇ ਸ਼ਰਾਬ ਪੀਂਦੇ ਮਿਲੇ, ਜਿਨ੍ਹਾਂ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਨੂੰਨ ਅਧਿਕਾਰੀਆਂ ਅਨੁਸਾਰ ਕਮਿਸ਼ਨ ਦੇ ਮੈਂਬਰ ਇਕ ਸਮੀਖਿਆ ਮੀਟਿੰਗ ਸਬੰਧੀ ਮੰਗਲਵਾਰ ਮੋਹਾਲੀ ਆਏ ਸਨ, ਜਿੱਥੇ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਇਕ ਬਾਰ ਵਿਚ ਨਾਬਾਲਿਗਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਹੈ।

ਟੀਮ ਨੇ ਜਦੋਂ ਸੈਕਿੰਡ ਵਾਈਫ਼ ਬਾਰ ਐਂਡ ਰੈਸਟੋਰੈਂਟ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਦੋ ਨਾਬਾਲਿਗਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ। ਨਿਕੋਟੀਨ ਪਦਾਰਥ ਵੀ ਦਿੱਤਾ ਜਾ ਰਿਹਾ ਸੀ। ਇੱਥੇ ਜੁਵੇਨਾਈਲ ਜਸਟਿਸ ਐਕਟ ਦੀ ਸਿੱਧੀ ਉਲੰਘਣਾ ਹੈ, ਜਿਸ 'ਚ 7 ਸਾਲ ਤੱਕ ਕੈਦ ਹੋ ਸਕਦੀ ਹੈ। ਇਹ ਗੈਰ-ਜ਼ਮਾਨਤੀ ਅਪਰਾਧ ਹੈ, ਜਿਸ ਵਿਚ 5 ਲੱਖ ਰੁਪਏ ਤਕ ਦੇ ਜੁਰਮਾਨੇ ਦੀ ਵੀ ਵਿਵਸਥਾ ਹੈ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਕਾਨੂੰਨਗੋ ਨੇ ਦੋਸ਼ ਲਾਇਆ ਕਿ ਕਮਿਸ਼ਨ ਦੇ ਮੌਕੇ ’ਤੇ ਪਹੁੰਚਣ ਦੇ ਬਾਵਜੂਦ ਪੰਜਾਬ ਪੁਲਸ ਨੇ ਉਨ੍ਹਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ। ਪੂਰੇ ਰੈਸਕਿਊ ਕਾਰਜ ਦੌਰਾਨ ਪੰਜਾਬ ਪੁਲਸ ਨੇ ਕੋਈ ਮਦਦ ਨਹੀਂ ਕੀਤੀ। ਕਰੀਬ ਇਕ ਘੰਟਾ ਜੱਦੋ-ਜਹਿਦ ਕਰਨ ਦੇ ਬਾਵਜੂਦ ਕਿਸੇ ਪੁਲਸ ਅਧਿਕਾਰੀ ਨੇ ਬੱਚਿਆਂ ਦਾ ਮੈਡੀਕਲ ਕਰਵਾਉਣ ਵਿਚ ਮਦਦ ਨਹੀਂ ਕੀਤੀ। ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਤਕ ਲਾਪਤਾ ਰਹੇ। ਐੱਸ.ਐੱਸ.ਪੀ. ਨੂੰ ਫੋਨ ਕਰਨ ’ਤੇ ਵੀ ਪੁਲਸ ਵਲੋਂ ਕੋਈ ਤਸੱਲੀਬਖਸ਼ ਮਦਦ ਨਹੀਂ ਮਿਲੀ।

ਕਾਨੂੰਨਗੋ ਅਨੁਸਾਰ ਪੁਲਸ ਦੀ ਮਦਦ ਨਾ ਮਿਲਣ ’ਤੇ ਕਮਿਸ਼ਨ ਦੀ ਟੀਮ ਖ਼ੁਦ ਬੱਚਿਆਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਫੇਜ਼-6 ਦੇ ਸਿਵਲ ਹਸਪਤਾਲ ਲੈ ਗਈ, ਜਿੱਥੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ, ਤਾਂ ਜੋ ਐੱਫ.ਆਈ.ਆਰ. ਦਰਜ ਕਰਵਾਈ ਜਾ ਸਕੇ। ਮੈਡੀਕਲ ਰਿਪੋਰਟ ਮਿਲਦਿਆਂ ਹੀ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਦੁੱਧ ਦੇ ਬੂਥ ਨੂੰ ਚੱਲਦਾ ਰੱਖਣ ਬਦਲੇ 20,000 ਮਹੀਨਾ ਰਿਸ਼ਵਤ ਲੈਂਦਾ ਐਕਸੀਅਨ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News