ਮੁਸਲਿਮ ਭਾਈਚਾਰੇ ਨੇ ਘਰਾਂ ’ਚ ਮਨਾਈ ਈਦ, ਕੋਰੋਨਾ ਖ਼ਾਤਮੇ ਲਈ ਕੀਤੀ ਦੁਆ
Friday, May 14, 2021 - 03:15 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ਼ਹਿਰ ’ਚ ਕੋਵਿਡ ਹਦਾਇਤਾਂ ਦਾ ਪਾਲਣ ਕਰਦਿਆਂ ਮਸਜਿਦ ’ਚ ਈਦ ਮੌਕੇ ਇਕੱਠ ਨਹੀਂ ਹੋਇਆ। ਮੁਸਲਿਮ ਭਾਈਚਾਰੇ ਨੇ ਆਪਣੇ-ਆਪਣੇ ਘਰਾਂ ’ਚ ਹੀ ਰਹਿੰਦਿਆਂ ਈਦ (ਈਦ-ਉਲ-ਫਿਤਰ) ਮਨਾਈ ਤੇ ਫੋਨ ਰਾਹੀਂ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਜਿੱਥੇ ਅਮਨ-ਚੈਨ ਦੀਆਂ ਦੁਆਵਾਂ ਮੰਗੀਆਂ ਗਈਆਂ, ਉੱਥੇ ਹੀ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਦੇ ਲਈ ਖੁਦਾ ਕੋਲੋਂ ਦੁਆ ਮੰਗੀ ਗਈ।
ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਸੇਵੀਆਂ ਖਵਾ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰੇ ਲਈ ਰਮਜਾਨ ਦੇ ਮਹੀਨੇ ਦਾ ਕਾਫੀ ਮਹੱਤਵ ਹੁੰਦਾ ਹੈ। ਇਸ ਮਹੀਨੇ ਦੌਰਾਨ ਹਰ ਮੁਸਲਿਮ ਭਾਈ ਰੋਜੇ ਰੱਖਦਾ ਹੈ ਅਤੇ ਖੁਦਾ ਦੀ ਇਬਾਦਤ ਕਰਦਾ ਹੈ। ਇਹ ਮਹੀਨਾ ਖ਼ਤਮ ਹੋਣ ਮਗਰੋਂ ਜਦੋਂ ਈਦ ਦਾ ਚਾਂਦ ਦਿਖਾਈ ਦਿੰਦਾ ਹੈ, ਉਸ ਤੋਂ ਅਗਲੇ ਦਿਨ ਈਦ ਮਨਾਈ ਜਾਂਦੀ ਹੈ, ਪਰ ਕੋਰੋਨਾ ਦੇ ਚੱਲਦਿਆਂ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਦਾ ਪਾਲਨ ਕਰਦਿਆਂ ਮਸਜਿਦ ’ਚ ਆਯੋਜਨ ਨਾ ਕਰਦਿਆਂ ਭਾਈਚਾਰੇ ਦੇ ਲੋਕਾਂ ਨੇ ਆਪੋ-ਆਪਣੇ ਘਰਾਂ ’ਚ ਰਹਿ ਕੇ ਈਦ ਦਾ ਤਿਉਹਾਰ ਮਨਾਇਆ। ਮੁਸਲਿਮ ਇਲਤਜਾਮਿਆ ਕਮੇਟੀ ਦੇ ਪ੍ਰਧਾਨ ਡਾ. ਸੱਈਦ ਮੁਹੰਮਦ ਸਈਦ ਨੇਤਾ ਨੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਖੁਦਾ ਕੋਲੋਂ ਕੋਰੋਨਾ ਮਹਾਂਮਾਰੀ ਦੇ ਖਾਤਮੇ ਦੀ ਦੁਆ ਮੰਗੀ।