ਪੰਜਾਬ ''ਚ ਸ਼ੁਰੂ ਹੋਇਆ ਇਹ ਵੱਡਾ ਪ੍ਰੋਜੈਕਟ, ਘਰਾਂ ਦੇ ਕੂੜੇ ਦਾ ਆਵੇਗਾ ਬਿੱਲ
Monday, Jan 06, 2025 - 05:09 PM (IST)
ਚੰਡੀਗੜ੍ਹ/ਖੰਨਾ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਕਾਮਰਸ ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਹੈ। ਖੰਨਾ ਵਿਖੇ ਉਨ੍ਹਾਂ ਅੱਜ ਡੋਰ ਟੂ ਡੋਰ ਕੁਲੈਕਸ਼ਨ ਅਤੇ ਸੇਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ। ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ 'ਤੇ 4 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਇਕ ਸਾਲ ਲਈ ਕੀਤੀ ਜਾ ਰਹੀ ਹੈ। ਇਸ ਪਾਇਲਟ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰਨਾਂ ਖੇਤਰਾਂ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੰਨਾ ਸ਼ਹਿਰ ਦੇ ਹਰ ਵਾਰਡ ਦੇ ਹਰ ਇਕ ਘਰ ਵਿਚੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਵਿਭਾਗ ਦਾ ਆ ਗਿਆ ਵੱਡਾ ਫ਼ੈਸਲਾ
ਸੌਂਦ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖੰਨਾ ਸ਼ਹਿਰ ਦੇ ਕਿਸੇ ਵੀ ਹੋਰ ਪੁਆਇੰਟ ‘ਤੇ ਕੂੜਾ ਨਹੀਂ ਸੁੱਟਿਆ ਜਾਵੇਗਾ, ਜਿਸ ਨਾਲ ਖੰਨਾ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਕੂੜਾ ਖ਼ਤਮ ਹੋ ਜਾਵੇਗਾ ਅਤੇ ਸ਼ਹਿਰ ਦੀ ਦਿੱਖ ਸੁੰਦਰ ਤੇ ਖੂਬਸੂਰਤ ਦਿਸੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਖੰਨਾ ਸ਼ਹਿਰ ਦੇ ਸਾਰੇ ਰਿਹਾਇਸ਼ੀ/ਵਪਾਰਕ/ਰੇਹੜੀ ਫੜ੍ਹੀ ਵਾਲਿਆਂ ਨੂੰ ਇਕ ਯੂਜ਼ਰ ਨੰਬਰ ਜਾਰੀ ਕਰਕੇ ਇਕ ਐਪ ਨਾਲ ਜੋੜਿਆ ਜਾਵੇਗਾ। ਕੂੜਾ ਇਕੱਠਾ ਕਰਨ ਦਾ ਬਹੁਤ ਹੀ ਘੱਟ ਬਿੱਲ ਹਰੇਕ ਯੂਜ਼ਰ ਨੂੰ ਮੈਸੇਜ ਰਾਹੀਂ ਮੋਬਾਇਲ ‘ਤੇ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਵਪਾਰਕ ਅਦਾਰੇ ਦੇ ਰਹਿਣਗੇ ਬੰਦ
ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਦੱਸਿਆ ਕਿ ਸ਼ਹਿਰ ਵਾਸੀ ਯੂਜ਼ਰ ਚਾਰਜਿਜ਼ ਨੂੰ ਆਨ ਲਾਈਨ ਅਤੇ ਆਫ ਲਾਈਨ ਦੋਹਾਂ ਤਰੀਕਿਆਂ ਨਾਲ ਅਦਾ ਕਰ ਸਕਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇਕ ਸ਼ਿਕਾਇਤ ਸੈੱਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੋਲ ਫਰੀ ਨੰਬਰ 1800-121-5721 ਹੈ। ਉਨ੍ਹਾਂ ਕਿਹਾ ਕਿ ਇਸ ਟੋਲ ਫਰੀ ਨੰਬਰ 'ਤੇ ਕੂੜੇ ਸਬੰਧੀ ਪ੍ਰਾਪਤ ਹੋਈ ਕੋਈ ਵੀ ਸ਼ਿਕਾਇਤ 'ਤੇ 60 ਮਿੰਟ ਵਿਚ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਖੰਨਾ ਸ਼ਹਿਰ ਵਿਚ ਕੂੜਾ ਚੁੱਕਣ ਵਾਲੇ ਸਾਰੇ ਵਾਹਨਾਂ ਦੀ ਜੀ. ਪੀ. ਐੱਸ. ਟਰੈਕਿੰਗ ਹੋਵੇਗੀ। ਇਨ੍ਹਾਂ ਸਾਰੇ ਵਾਹਨਾਂ ਦਾ ਵੇਰਵਾ ਸਥਾਪਤ ਕੀਤੇ ਕੰਟਰੋਲ ਰੂਮ ਦੀ ਸਕਰੀਨ 'ਤੇ ਲਾਈਵ ਦਿਖੇਗਾ ਕਿ ਕਿਹੜਾ ਵਾਹਨ ਖੰਨਾ ਸ਼ਹਿਰ ਦੇ ਕਿਹੜੇ ਵਾਰਡ ਵਿਚੋਂ ਕੂੜਾ ਚੁੱਕ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਹੁਣ ਸੂਬੇ 'ਚ ਬਣਨਗੇ ਸਮਾਰਟ ਕਾਰਡ, ਇੰਝ ਮਿਲੇਗਾ ਰਾਸ਼ਨ
ਸੌਂਦ ਨੇ ਕਿਹਾ ਕਿ ਉਨ੍ਹਾਂ ਦਾ ਸੁਫਨਾ ਸੀ ਕਿ ਖੰਨਾ ਸ਼ਹਿਰ ਨੂੰ ਸਾਫ-ਸੁਥਰਾ ਅਤੇ ਸੋਹਣਾ ਬਣਾਉਣਾ ਹੈ, ਇਸ ਲਈ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨਿਵੇਕਲੇ ਕੰਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਦੇ ਬਾਕੀ ਸਾਥੀਆਂ ਵੱਲੋਂ ਦਿੱਤੇ ਗਏ ਭਰਪੂਰ ਯੋਗਦਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਕਾਮਯਾਬੀ ਤੋਂ ਬਾਅਦ ਇਸ ਦੀ ਕਾਪੀ ਨਾ ਸਿਰਫ ਪੂਰੇ ਪੰਜਾਬ ਵਿਚ ਹੋਵੇਗੀ ਸਗੋਂ ਭਾਰਤ ਦੇ ਸਾਰੇ ਸੂਬੇ ਵੀ ਪੰਜਾਬ ਤੋਂ ਸੇਧ ਲੈਣਗੇ। ਇਸ ਪ੍ਰੋਜੈਕਟ ਰਾਹੀਂ ਕੂੜੇ ਨੂੰ ਅਲੱਗ ਅਲੱਗ (ਸੇਗਰੀਗੇਸ਼ਨ) ਕਰਨ ਤੋਂ ਬਾਅਦ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇਗੀ ਅਤੇ ਪਲਾਸਟਿਕ ਦੀ ਰਹਿੰਦ-ਖੂੰਹਦ ਤੋਂ ਬਿਜਲੀ ਬਣਾਈ ਜਾਵੇਗੀ। ਉਨ੍ਹਾਂ ਖੰਨਾ ਵਾਸੀਆਂ ਨੂੰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਖੇਤਰਾਂ ਵਿਚ ਵੀ ਇਸ ਨੂੰ ਸ਼ੁਰੂ ਕੀਤਾ ਜਾ ਸਕੇ ਅਤੇ ਪੰਜਾਬ ਨੂੰ ਕੂੜਾ ਮੁਕਤ ਕਰਕੇ ‘ਰੰਗਲਾ ਪੰਜਾਬ’ ਬਣਾਉਣ ਵੱਲ ਇਕ ਸਾਰਥਕ ਕਦਮ ਵਧਾਇਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਬਣਨ ਵਾਲੀ ਅਪਾਰ ਆਈ. ਡੀ. ਨੂੰ ਲੈ ਕੇ ਵੱਡੀ ਖ਼ਬਰ, ਆਇਆ ਨਵਾਂ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e