‘ਆਪ’ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਦਾ ਭੱਖਿਆ ਮਸਲਾ,ਅਮਨ ਅਰੋੜਾ ਵਰਕਰਾਂ ਸਣੇ ਧਰਨੇ ’ਤੇ ਡਟੇ

2/6/2021 12:56:59 PM

ਸੁਨਾਮ ਊਧਮ ਸਿੰਘ ਵਾਲਾ (ਬੇਦੀ, ਬਾਂਸਲ): ਨਗਰ ਕੌਂਸਲ ਚੋਣਾਂ ’ਚ ਸੁਨਾਮ ਦੇ ਵਾਰਡ ਨੰ. 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਦਾ ਮਸਲਾ ਭੱਖ ਗਿਆ ਹੈ, ਇਸ ਨੂੰ ਲੈ ਕੇ ‘ਆਪ’ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣੇ ਸਾਥੀਆਂ ਸਣੇ ਤਹਿਸੀਲ ਕੰਪਲੈਕਸ ਸੁਨਾਮ ’ਚ ਧਰਨੇ ’ਤੇ ਬੈਠੇ ਗਏ। ਧਰਨੇ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਬੁਢਲਾਡਾ ਤੋਂ ‘ਆਪ’ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਤੇ ਐੱਮ. ਐੱਲ. ਏ. ਕੁਲਵੰਤ ਪੰਡੋਰੀ ਵੀ ਪਹੁੰਚੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਨ੍ਹਾਂ ਨਾਲ ਰਲੇ ਹੋਏ ਹਨ । ਉਨ੍ਹਾਂ ਦੱਸਿਆ ਕਿ ਸੁਨਾਮ ਦੇ ਵਾਰਡ ਨੰ. 14 ਤੋਂ ‘ਆਪ’ ਪਾਰਟੀ ਉਮੀਦਵਾਰ ਪਵਨ ਬਾਬਾ ਸਨ ਜਿਨ੍ਹਾਂ ਨੂੰ ਤਹਿਸੀਲ ਕੰਪਲੈਕਸ ’ਚੋਂ ਐੱਸ.ਡੀ.ਐੱਮ. ਦੀ ਨੱਕ ਹੇਠੋਂ ਕਾਂਗਰਸੀ ਅਗਵਾ ਕਰ ਕੇ ਲੈ ਗਏ ਤੇ ਇਨ੍ਹਾਂ ਨੂੰ ਧਮਕਾਇਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਅਸੀਂ ਆਪਣੇ ਦੂਜੇ ਉਮੀਦਵਾਰ ਹਰਵਿੰਦਰ ਸਿੰਘ ਨਾਮਧਾਰੀ ਦੇ ਕਾਗਜ਼ ਦਾਖਲ ਕਰਵਾ ਦਿੱਤੇ ਜਿਸ ਬਾਰੇ ਉਨ੍ਹਾਂ ਖੁਦ ਅਧਿਕਾਰੀਆਂ ਨੂੰ ਪੁੱਛਿਆ ਕਿ ਕਾਗ਼ਜ ਸਹੀ ਹਨ ਤੇ ਕੋਈ ਕਮੀ ਹੈ ਤਾਂ ਦੱਸਦੋ ਪਰ ਅਧਿਕਾਰੀਆਂ ਨੇ ਕਿਹਾ ਕਿ ਕਾਗਜ਼ ਸਹੀ ਹਨ ਪਰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਬਾਹਰ ਲਿਸਟ ’ਚ ਲਾ ਦਿੱਤਾ ਗਿਆ ਕਿ ਇਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਇਸ ਦੌਰਾਨ ਸਾਡੇ ਉਮੀਦਵਾਰ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਨਾ ਕੋਈ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ ਐੱਸ.ਡੀ.ਐੱਮ. ਅਤੇ ਸਾਰੇ ਮੁਲਾਜ਼ਮ ਚੱਲੇ ਗਏ ਅਤੇ ਸਾਰਿਆਂ ਨੇ ਮੋਬਾਇਲ ਬੰਦ ਕਰ ਲਏ।

ਉਨ੍ਹਾਂ ਕਿਹਾ ਜੇਕਰ ਐੱਸ.ਡੀ.ਐੱਮ. ਸਾਹਿਬ ਸਹੀ ਸਨ ਤਾਂ ਉਹ ਦਫ਼ਤਰੋਂ ’ਚੋਂ ਕਿਉਂ ਭੱਜੇ ਤੇ ਫੋਨ ਕਿਉਂ ਬੰਦ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਲਿਖਤੀ ਸ਼ਿਕਾਇਤ ਚੋਣ ਕਮਿਸ਼ਨ ਇੰਡੀਆ, ਚੋਣ ਕਮਿਸ਼ਨ ਪੰਜਾਬ ਨੂੰ ਭੇਜੀ ਗਈ ਹੈ ਤੇ ਡੀ. ਸੀ. ਸੰਗਰੂਰ ਅਤੇ ਐੱਸ.ਐੱਸ.ਪੀ. ਸੰਗਰੂਰ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ।


Shyna

Content Editor Shyna