ਨਗਰ ਕੌਂਸਲ ਨੇ ਛਾਪਾਮਾਰੀ ਦੌਰਾਨ ਜ਼ਬਤ ਕੀਤੇ ਪਾਬੰਦੀਸ਼ੁਦਾ ਲਿਫਾਫੇ
Wednesday, Feb 13, 2019 - 05:51 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਤਹਿਤ ਜ਼ਿਲੇ ਦੇ ਡੀ.ਸੀ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਦੀ ਟੀਮ ਨੇ ਛਾਪਾਮਾਰੀ ਕਰਕੇ ਇਕ ਦੁਕਾਨ ਤੋਂ 33 ਕਿਲੋ ਪਾਬੰਦੀਸ਼ੁਦਾ ਪੋਲੀਥੀਨ ਦੇ ਲਿਫਾਫੇ ਜ਼ਬਤ ਕੀਤੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਿਪਨ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਵਲੋਂ ਸੈਨੇਟਰੀ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ 'ਚ ਰੂਬੀ ਪਲਾਸਟਿਕ ਸਟੋਰ, ਮਾਲ ਗੋਦਾਮ ਰੋਡ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੀ ਟੀਮ 'ਚ ਗੁਰਪੁਨੀਤ ਕੌਰ ਅਤੇ ਗੁਰਮੀਤ ਕੌਰ ਸ਼ਾਮਲ ਸਨ।
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੋਲੀਥੀਨ ਦੀ ਖਰੀਦ, ਨਿਰਮਾਣ, ਵੇਚ ਅਤੇ ਵਰਤੋਂ 'ਤੇ ਪਾਬੰਦੀ ਲਾਈ ਹੋਈ ਹੈ। ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਪੋਲੀਥੀਨ ਬੰਦ ਕਰਨ ਲਈ ਜਨ ਜਾਗਰੂਕਤਾ ਮੁਹਿੰਮ ਵੀ ਚਲਾਈ ਸੀ ਤਾਂ ਕਿ ਦੁਕਾਨਦਾਰ ਇੰਨਾਂ ਦੀ ਵਰਤੋਂ ਨਾ ਕਰਨ ਪਰ ਸ਼ਹਿਰ 'ਚ ਇਨ੍ਹਾਂ ਪਾਬੰਦੀਸ਼ੁਦਾ ਪੋਲੀਥੀਨ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਨੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਅਜਿਹਾ ਕਰਨਾ ਬੰਦ ਕਰਨ ਦੇਣ,ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।