ਨਗਰ ਕੌਂਸਲ ਨੇ ਸ਼ਹਿਰ ''ਚੋਂ ਉਤਾਰੇ ਇਮੀਗ੍ਰੇਸ਼ਨ ਕੰਪਨੀਆਂ ਦੇ ਅਵੈਧ ਬੋਰਡ, ਲੱਗੇਗਾ ਜੁਰਮਾਨਾ

07/04/2019 12:48:12 PM

ਫ਼ਿਰੋਜ਼ਪੁਰ (ਮਲਹੋਤਰਾ) - ਬਿਨਾਂ ਲਾਇਸੰਸ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਕੰਪਨੀਆਂ ਦੇ ਅਵੈਧ ਬੋਰਡ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੇਰ ਸ਼ਾਮ ਨੂੰ ਬਿਨਾਂ ਮਨਜ਼ੂਰੀ ਲਏ ਸ਼ਹਿਰ 'ਚ ਪ੍ਰਚਾਰ ਕਰ ਰਹੀਆਂ ਇਮੀਗ੍ਰੇਸ਼ਨ ਫ਼ਰਮਾਂ, ਟ੍ਰੈਵਲ ਏਜੰਟਾਂ ਦੇ ਹੋਰਡਿੰਗ ਬੋਰਡ ਸ਼ਹਿਰ 'ਚੋਂ ਉਤਾਰ ਲਏ ਗਏ। ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਬਿਨਾਂ ਮਨਜ਼ੂਰੀ ਲਏ ਸ਼ਹਿਰ 'ਚ ਹੋਰਡਿੰਗ ਬੋਰਡ ਨਹੀਂ ਲੱਗਣ ਦਿੱਤੇ ਜਾਣਗੇ, 'ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਦੇ ਅਵੈਧ ਹੋਰਡਿੰਗ ਲੱਗੇ ਹੋਏ ਹਨ ਤਾਂ ਉਹ ਉਨ੍ਹਾਂ ਖ਼ੁਦ ਹੀ ਉਤਾਰ ਲੈਣ। ਨਗਰ ਕੌਂਸਲ ਵਲੋਂ ਇਨ੍ਹਾਂ ਫ਼ਰਮਾ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਹੋਰਡਿੰਗ ਬੋਰਡ ਉਤਾਰਨ 'ਚ ਆਇਆ ਖਰਚਾ ਵੀ ਵਸੂਲ ਕੀਤਾ ਜਾਵੇਗਾ। ਉਨ੍ਹਾਂ ਸਾਰੀਆਂ ਫ਼ਰਮਾਂ ਨੂੰ ਫਾਇਰ ਸੇਫ਼ਟੀ ਅਫ਼ਸਰ ਦੇ ਦਫ਼ਤਰ ਤੋਂ ਫਾਇਰ ਸੇਫ਼ਟੀ ਲਾਇਸੰਸ ਪ੍ਰਾਪਤ ਕਰਨ ਲਈ ਕਿਹਾ ਤਾਂ ਜੋ ਸਾਰੇ ਦਫ਼ਤਰਾਂ 'ਚ ਅੱਗ ਨਾਲ ਲੜਨ ਵਾਲੇ ਇੰਤਜ਼ਾਮਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫ਼ਰਮਾਂ ਕੋਲ ਲਾਇਸੰਸ ਨਹੀਂ ਹੋਵੇਗਾ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਅਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਬਿਨਾਂ ਲਾਇਸੰਸ ਤੋਂ ਦਫ਼ਤਰ ਚਲਾ ਰਹੇ ਏਜੰਟਾਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੇਰ ਸ਼ਾਮ ਤੱਕ ਇਨ੍ਹਾਂ ਟੀਮਾਂ ਨੇ ਮਾਲ ਰੋਡ ਤੇ ਸਥਿਤ ਇਮੀਗ੍ਰੇਸ਼ਨ ਦਫ਼ਤਰਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਵੱਖ-ਵੱਖ ਟ੍ਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਚੈੱਕ ਕੀਤੀ ਗਈ। ਜਿਨ੍ਹਾਂ ਏਜੰਟਾਂ ਕੋਲ ਰਜਿਸਟ੍ਰੇਸ਼ਨ ਨਹੀਂ ਸੀ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਬਾਅਦ ਵਿਚ ਇਹ ਦਫਤਰ ਸੀਲ ਕਰ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਬਿਨਾਂ ਰਜਿਸਟ੍ਰੇਸ਼ਨ ਦੇ ਕੋਈ ਟ੍ਰੈਵਲ ਏਜੰਟ ਦਫ਼ਤਰ ਨਹੀਂ ਚਲਾ ਸਕਦਾ। ਜ਼ਿਲੇ 'ਚ ਸਿਰਫ਼ 61 ਟ੍ਰੈਵਲ ਏਜੰਟ ਹੀ ਰਜਿਸਟਰਡ ਹਨ ਜਦਕਿ ਜ਼ਿਆਦਾਤਰ ਬਿਨਾਂ ਰਜਿਸਟ੍ਰੇਸ਼ਨ ਤੋਂ ਹੀ ਦਫ਼ਤਰ ਚਲਾ ਰਹੇ ਹਨ। ਉਨ੍ਹਾਂ ਨੇ ਸਾਰੇ ਏਜੰਟਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਉਣ।


rajwinder kaur

Content Editor

Related News