ਨਗਰ ਨਿਗਮ ਚੋਣਾਂ : ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ''ਤੇ ਹਮਲਾ, ਫਾਇਰਿੰਗ ਤੇ ਪੱਥਰਬਾਜ਼ੀ ਦੇ ਦੋਸ਼
Tuesday, May 26, 2026 - 07:54 PM (IST)
ਬਠਿੰਡਾ, (ਵਿਜੈ ਵਰਮਾ) : ਨਗਰ ਨਿਗਮ ਚੋਣਾਂ ਦੌਰਾਨ ਬਠਿੰਡਾ ਦੇ ਵਾਰਡ ਨੰਬਰ-2 ਵਿੱਚ ਵੋਟਿੰਗ ਖਤਮ ਹੋਣ ਮਗਰੋਂ ਮਾਹੌਲ ਅਚਾਨਕ ਤਣਾਅਪੂਰਨ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ 'ਤੇ ਗ੍ਰੀਨ ਸਿਟੀ ਪੋਲਿੰਗ ਸਟੇਸ਼ਨ ਨੇੜੇ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਕਾਰਨ ਵੱਡਾ ਹਾਦਸਾ ਟਲ ਗਿਆ, ਹਾਲਾਂਕਿ ਪੱਥਰਬਾਜ਼ੀ ਦੌਰਾਨ ਸਿੰਗਲਾ ਦੇ ਮੋਢੇ ‘ਤੇ ਚੋਟ ਲੱਗੀ। ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਅਤੇ ਇਕ ਭਾਜਪਾ ਵਰਕਰ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਹੈ। ਸਰੂਪ ਚੰਦ ਸਿੰਗਲਾ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ-2 ਤੋਂ ਭਾਜਪਾ ਉਮੀਦਵਾਰ ਨਾਲ ਮੁਲਾਕਾਤ ਕਰਨ ਮਗਰੋਂ ਜਦੋਂ ਉਹ ਦਫ਼ਤਰ ਵੱਲ ਵਾਪਸ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ। ਉਨ੍ਹਾਂ ਮੁਤਾਬਕ ਹਮਲਾਵਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ, ਪਿਸਤੌਲ ਅਤੇ ਪੱਥਰ ਸਨ। ਸਿੰਗਲਾ ਦਾ ਕਹਿਣਾ ਹੈ ਕਿ ਹਮਲਾਵਰ ਆਪਣੇ ਆਪ ਨੂੰ ਸੱਤਾਧਾਰੀ ਧਿਰ ਨਾਲ ਸੰਬੰਧਤ ਦੱਸ ਰਹੇ ਸਨ ਅਤੇ ਉਨ੍ਹਾਂ ‘ਤੇ ਹਮਲਾ ਕਰਨ ਲਈ ਅੱਗੇ ਵੱਧੇ।
ਉਨ੍ਹਾਂ ਕਿਹਾ ਕਿ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਚੌਕਸੀ ਦਿਖਾਈ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਹਮਲਾਵਰਾਂ ਨੇ ਭਾਰੀ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਸਿੰਗਲਾ ਨੇ ਦਾਅਵਾ ਕੀਤਾ ਕਿ ਇੱਕ ਵੱਡਾ ਪੱਥਰ ਉਨ੍ਹਾਂ ਦੇ ਸਿਰ ਵੱਲ ਸੁੱਟਿਆ ਗਿਆ ਸੀ, ਪਰ ਸੁਰੱਖਿਆ ਕਰਮਚਾਰੀ ਨੇ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਜਿਸ ਕਾਰਨ ਪੱਥਰ ਮੋਢੇ ‘ਤੇ ਲੱਗਾ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਮੌਕੇ ‘ਤੇ ਹਵਾਈ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਭਾਜਪਾ ਨੇ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸਿੰਗਲਾ ਨੇ ਕਿਹਾ ਕਿ ਪੋਲਿੰਗ ਸਟੇਸ਼ਨ ਦੇ ਬਾਹਰ 15 ਤੋਂ 20 ਪੁਲਿਸ ਕਰਮਚਾਰੀ ਤਾਇਨਾਤ ਸਨ, ਪਰ ਕਿਸੇ ਨੇ ਵੀ ਹਮਲਾਵਰਾਂ ਨੂੰ ਰੋਕਣ ਜਾਂ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲਸ ਸੱਤਾਧਾਰੀ ਧਿਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਚੋਣਾਂ ਦੌਰਾਨ ਗੜਬੜ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਤੋਂ ਕਤਰਾਹਟ ਕਰ ਰਹੀ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ-2 ਵਿੱਚ ਭਾਜਪਾ ਉਮੀਦਵਾਰ ਨੂੰ ਵੱਡਾ ਸਮਰਥਨ ਮਿਲ ਰਿਹਾ ਸੀ ਅਤੇ ਪੂਰਾ ਦਿਨ ਭਾਜਪਾ ਦੇ ਹੱਕ ਵਿੱਚ ਮਾਹੌਲ ਬਣਿਆ ਰਿਹਾ। ਘਟਨਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਭਾਜਪਾ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਾਰਟੀ ਆਗੂਆਂ ਨੇ ਹਮਲਾਵਰਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉੱਥੇ ਹੀ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
