Punjab : ਟਿੱਕੀ ''ਚੋਂ ਨਿਕਲੀ ਮਰੀ ਹੋਈ ਛਿਪਕਲੀ ! ਰੈਸਟੋਰੈਂਟ ''ਤੇ ਡਿੱਗੀ ਸਿਹਤ ਵਿਭਾਗ ਦੀ ਗਾਜ, ਸੈਂਪਲ ਕੀਤੇ ਸੀਲ

Sunday, Jun 28, 2026 - 09:02 PM (IST)

Punjab : ਟਿੱਕੀ ''ਚੋਂ ਨਿਕਲੀ ਮਰੀ ਹੋਈ ਛਿਪਕਲੀ ! ਰੈਸਟੋਰੈਂਟ ''ਤੇ ਡਿੱਗੀ ਸਿਹਤ ਵਿਭਾਗ ਦੀ ਗਾਜ, ਸੈਂਪਲ ਕੀਤੇ ਸੀਲ

ਬਠਿੰਡਾ,  (ਵਿਜੈ ਵਰਮਾ)-ਸ਼ਹਿਰ ਦੇ ਪੁੱਡਾ ਮਾਰਕੀਟ ਸਥਿਤ ਨਵੇਂ ਖੁੱਲ੍ਹੇ 'ਚਾਟ ਕਿੰਗ ਇੰਡੀਆ' ਰੈਸਟੋਰੈਂਟ ਵਿੱਚ ਸ਼ਨੀਵਾਰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਗਾਹਕ ਨੂੰ ਪਰੋਸੀ ਗਈ ਟਿੱਕੀ ਵਿੱਚੋਂ ਮਰੀ ਹੋਈ ਛਿਪਕਲੀ ਨਿਕਲ ਆਈ। ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਰੈਸਟੋਰੈਂਟ 'ਤੇ ਛਾਪੇਮਾਰੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪੀੜਤ ਗਾਹਕ ਮਨੂ ਆਪਣੇ ਸਾਥੀਆਂ ਨਾਲ ਰੈਸਟੋਰੈਂਟ ਵਿੱਚ ਟਿੱਕੀ ਅਤੇ ਭੱਲੇ ਖਾਣ ਲਈ ਪਹੁੰਚਿਆ ਸੀ। ਮਨੂ ਨੇ ਦੱਸਿਆ ਕਿ ਜਿਵੇਂ ਹੀ ਉਹ ਟਿੱਕੀ ਖਾ ਰਿਹਾ ਸੀ, ਉਸ ਨੂੰ ਮੂੰਹ ਵਿੱਚ ਕਿਸੇ ਅਜੀਬ ਚੀਜ਼ ਦਾ ਅਹਿਸਾਸ ਹੋਇਆ। ਪਹਿਲਾਂ ਉਸ ਨੇ ਇਸ ਨੂੰ ਧਨੀਆ ਦਾ ਪੱਤਾ ਸਮਝਿਆ, ਪਰ ਜਦੋਂ ਬਾਹਰ ਕੱਢ ਕੇ ਵੇਖਿਆ ਤਾਂ ਉਹ ਮਰੀ ਹੋਈ ਛਿਪਕਲੀ ਸੀ। ਇਹ ਦੇਖ ਕੇ ਉਸ ਦੇ ਹੋਸ਼ ਉੱਡ ਗਏ ਅਤੇ ਉਸ ਨੇ ਤੁਰੰਤ ਰੈਸਟੋਰੈਂਟ ਪ੍ਰਬੰਧਨ ਕੋਲ ਸ਼ਿਕਾਇਤ ਦਰਜ ਕਰਵਾਈ।

ਪ੍ਰਤੱਖ ਦਰਸ਼ੀਆਂ ਅਨੁਸਾਰ ਸ਼ਿਕਾਇਤ ਦੌਰਾਨ ਰੈਸਟੋਰੈਂਟ ਦੀ ਮਹਿਲਾ ਸੰਚਾਲਕ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਕਥਿਤ ਤੌਰ 'ਤੇ ਕਿਹਾ ਕਿ "ਛਿਪਕਲੀ ਤਾਂ ਘਰਾਂ ਵਿੱਚ ਵੀ ਹੁੰਦੀ ਹੈ, ਇਸ ਵਿੱਚ ਕਿਹੜੀ ਵੱਡੀ ਗੱਲ ਹੈ।" ਇਸ ਟਿੱਪਣੀ ਨਾਲ ਗਾਹਕ ਹੋਰ ਵੀ ਨਾਰਾਜ਼ ਹੋ ਗਏ। ਗਾਹਕਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਇੱਥੇ ਖਾਣੇ ਵਿੱਚ ਵਾਲ ਨਿਕਲਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਲਗਭਗ ਦੋ ਘੰਟੇ ਬਾਅਦ ਫੂਡ ਸੇਫਟੀ ਅਫਸਰ ਦਿਵਿਆ ਗੋਸਵਾਮੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰੈਸਟੋਰੈਂਟ ਦੀ ਜਾਂਚ ਕੀਤੀ। ਜਾਂਚ ਦੌਰਾਨ ਰਸੋਈ ਵਿੱਚ ਕਈ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ। ਵਿਭਾਗੀ ਅਧਿਕਾਰੀਆਂ ਨੇ ਪਾਇਆ ਕਿ ਰਸੋਈ ਦੇ ਅੰਦਰ ਹੀ ਕਰਮਚਾਰੀਆਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਸੀ ਅਤੇ ਉੱਥੇ ਹੀ ਬਾਥਰੂਮ ਵੀ ਬਣਿਆ ਹੋਇਆ ਸੀ।

ਇਸ ਤੋਂ ਇਲਾਵਾ ਕੂੜੇਦਾਨ ਭਰੇ ਹੋਏ ਮਿਲੇ, ਕਈ ਦਿਨ ਪੁਰਾਣੀਆਂ ਚਟਣੀਆਂ ਰੱਖੀਆਂ ਹੋਈਆਂ ਸਨ ਅਤੇ ਕਰਮਚਾਰੀ ਬਿਨਾਂ ਕੈਪ ਅਤੇ ਗਲਵਜ਼ ਦੇ ਭੋਜਨ ਤਿਆਰ ਕਰਦੇ ਮਿਲੇ। ਸਿਹਤ ਵਿਭਾਗ ਦੀ ਟੀਮ ਨੇ ਜਾਂਚ ਦੌਰਾਨ ਵੱਖ-ਵੱਖ ਖਾਦ ਪਦਾਰਥਾਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤਾ ਹੈ। ਵਿਭਾਗ ਨੇ ਰੈਸਟੋਰੈਂਟ ਪ੍ਰਬੰਧਨ ਨੂੰ ਨੋਟਿਸ ਜਾਰੀ ਕਰਦੇ ਹੋਏ ਦੋ ਦਿਨਾਂ ਦੇ ਅੰਦਰ ਸਾਰੀਆਂ ਕਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਦੁਬਾਰਾ ਨਿਰੀਖਣ ਦੌਰਾਨ ਜੇਕਰ ਕਮੀਆਂ ਮਿਲੀਆਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵਿੱਚ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੋਂ ਸ਼ਹਿਰ ਦੇ ਹੋਰ ਖਾਣ-ਪੀਣ ਦੇ ਅਦਾਰਿਆਂ ਦੀ ਵੀ ਨਿਯਮਤ ਜਾਂਚ ਕਰਨ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News