''ਆਂਗਣਵਾੜੀ ਵਰਕਰਾਂ ਕੋਲੋਂ ਬੀ.ਐੱਲ.ਓ. ਦੀ ਡਿਊਟੀ ਨਾ ਲਈ ਜਾਵੇ ''

09/18/2019 1:18:12 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੋਂ ਆਂਗਣਵਾੜੀ ਵਰਕਰਾਂ ਕੋਲੋਂ ਬੀ.ਐੱਲ.ਓ. ਦੀ ਡਿਊਟੀ ਨਾ ਲੈਣ ਦੀ ਮੰਗ ਕੀਤੀ। ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਦੇ ਨਾਂ ਭੇਜੇ ਗਏ ਮੰਗ-ਪੱਤਰ 'ਚ ਉਨ੍ਹ੍ਹਾਂ ਕਿਹਾ ਕਿ ਸਾਰੇ ਜ਼ਿਲਿਆਂ ਨਾਲ ਸਬੰਧਿਤ ਜ਼ਿਲਾ ਚੋਣ ਅਫ਼ਸਰਾਂ ਨੂੰ ਬੀ.ਐੱਲ.ਓ. ਦੀ ਡਿਊਟੀ ਆਂਗਣਵਾੜੀ ਵਰਕਰਾਂ ਕੋਲੋਂ ਨਾ ਲਏ ਜਾਣ ਸਬੰਧੀ ਪੱਤਰ ਜਾਰੀ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵੀ ਿਸਆਸੀ ਪਾਰਟੀਆਂ ਦੇ ਆਗੂ ਆਂਗਣਵਾੜੀ ਵਰਕਰਾਂ ਦੀਆਂ ਸ਼ਿਕਾਇਤਾਂ ਕਰਦੇ ਰਹੇ ਹਨ, ਜਿਸ ਨਾਲ ਵਰਕਰਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਪਿੰਡਾਂ ਦੇ ਲੋਕ ਬੀ.ਐੱਲ.ਓ. ਦੀ ਡਿਊਟੀ ਕਰ ਰਹੀਆਂ ਵਰਕਰਾਂ 'ਤੇ ਉਂਗਲ ਉਠਾਉਂਦੇ ਹਨ, ਜਿਸ ਕਰਕੇ ਜਥੇਬੰਦੀ ਵਲੋਂ ਇਹ ਮੰਗ ਕੀਤੀ ਗਈ ਹੈ।

ਕੇਂਦਰ ਸਰਕਾਰ ਨੇ ਜਾਰੀ ਕੀਤਾ ਪੱਤਰ
ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਕੇਂਦਰੀ ਦਫ਼ਤਰ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ 'ਚ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰਾਂ ਕੋਲੋਂ ਆਪਣੇ ਵਿਭਾਗ ਤੋਂ ਇਲਾਵਾ ਹੋਰ ਕੋਈ ਵਾਧੂ ਕੰਮ ਨਾ ਲਿਆ ਜਾਵੇ।

ਚੋਣ ਕਮਿਸ਼ਨ ਨੇ ਆਂਗਣਵਾੜੀ ਵਰਕਰਾਂ ਨੂੰ ਕੀਤਾ ਸੀ ਅੱਖੋ-ਪਰੋਖੇ
ਆਂਗਣਵਾੜੀ ਯੂਨੀਅਨ ਦਾ ਦੋਸ਼ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਪੰਜਾਬ ਨੇ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਤਾਂ ਹਰੇਕ ਬੂਥ ਪੱਧਰ 'ਤੇ ਲਾ ਦਿੱਤੀਆਂ ਸਨ ਪਰ ਮਗਰੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਬਾਕੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਉਸੇ ਦਿਨ ਹੀ ਚੋਣ ਡਿਊਟੀ ਕਰਨ ਦਾ ਮਿਹਨਤਾਨਾ ਦਿੱਤਾ ਗਿਆ ਪਰ ਉਕਤ ਵਰਕਰਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਇੱਥੋਂ ਤੱਕ ਕਿ ਨਾ ਉਨ੍ਹਾਂ ਦੇ ਬੈਠਣ ਅਤੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਕੀਤਾ। ਜਥੇਬੰਦੀ ਦਾ ਕਹਿਣਾ ਹੈ ਕਿ ਜਦ ਬੇਇਨਸਾਫ਼ੀ ਕਰਨੀ ਹੈ ਤਾਂ ਫਿਰ ਅਜਿਹੀਆਂ ਡਿਊਟੀਆਂ ਨਾ ਲਾਈਆਂ ਜਾਣ।

ਮਿੰਨੀ ਆਂਗਣਵਾੜੀ ਸੈਟਰਾਂ ਨੂੰ ਪੂਰੇ ਸੈਂਟਰ ਦਾ ਦਿੱਤਾ ਜਾਵੇ ਦਰਜਾ
ਆਂਗਣਵਾੜੀ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਸੂਬੇ ਭਰ ਦੇ 22 ਜ਼ਿਲਿਆਂ ਅਧੀਨ ਜਿੰਨੇ ਵੀ ਮਿੰਨੀ ਆਂਗਣਵਾੜੀ ਸੈਂਟਰ ਆਉਂਦੇ ਹਨ, ਨੂੰ ਸੈਂਟਰ ਦਾ ਦਰਜਾ ਦਿੱਤਾ ਜਾਵੇ। ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਵਰਕਰਾਂ ਪੂਰੇ ਸੈਂਟਰ ਦਾ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਦਰਜਾ ਮਿੰਨੀ ਆਂਗਣਵਾੜੀ ਸੈਂਟਰ ਦਾ ਦਿੱਤਾ ਹੋਇਆ ਹੈ ਅਤੇ ਮਾਣਭੱਤਾ ਘੱਟ ਦਿੱਤਾ ਜਾ ਰਿਹਾ।


rajwinder kaur

Content Editor

Related News