ਵੈਨਾਂ ਦੀ ਚੈਕਿੰਗ ਦੇ ਡਰੋਂ ਇਲਾਕੇ ਦੇ ਬਹੁਤੇ ਸਕੂਲਾਂ ਨੇ ਕੀਤੀ ਛੁੱਟੀ

Monday, Feb 17, 2020 - 10:50 PM (IST)

ਵੈਨਾਂ ਦੀ ਚੈਕਿੰਗ ਦੇ ਡਰੋਂ ਇਲਾਕੇ ਦੇ ਬਹੁਤੇ ਸਕੂਲਾਂ ਨੇ ਕੀਤੀ ਛੁੱਟੀ

ਸੰਗਰੂਰ/ਕੌਹਰੀਆਂ, (ਜ.ਬ./ਸ਼ਰਮਾ)- ਪਿਛਲੇ ਦਿਨੀਂ ਲੌਂਗੋਵਾਲ ਵਿਖੇ ਚਾਰ ਬੱਚਿਆਂ ਦੀ ਮੌਤ ਦੇ ਵਾਪਰੇ ਦਰਦਨਾਕ ਹਾਦਸੇ ਪਿਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੀਆਂ ਸਕੂਲ ਵੈਨਾਂ ਦੀ ਚੈਕਿੰਗ ਦੇ ਦਿੱਤੇ ਹੁਕਮਾਂ ਤੋਂ ਬਾਅਦ ਅੱਜ ਸਵੇਰੇ ਲਹਿਰਾਗਾਗਾ ਵਿਖੇ ਆਰ. ਟੀ. ਓ. ਵੱਲੋਂ ਇਲਾਕੇ ਦੀਆਂ ਸਕੂਲ ਵੈਨਾਂ ਦੇ ਚਲਾਨ ਕੱਟੇ ਗਏ। ਇਸ ਚੈਕਿੰਗ ਦਾ ਪਤਾ ਲੱਗਦੇ ਹੀ ਬਹੁਤੇ ਸਕੂਲਾਂ ਨੇ ਬੱਚੇ ਇਕੱਠੇ ਕਰਨ ਲਈ ਪਿੰਡਾਂ ’ਚ ਆਈਆਂ ਵੈਨਾਂ ਨੂੰ ਪਿੰਡਾਂ ’ਚ ਹੀ ਲੁਕੋ ਕੇ ਸਕੂਲਾਂ ਵਿਚ ਛੁੱਟੀ ਕਰ ਦਿੱਤੀ। ਜਾਣਕਾਰੀ ਅਨੁਸਾਰ ਦਿਡ਼੍ਹਬਾ ਅਤੇ ਲਹਿਰਾ ਦੇ ਨਾਮੀ ਸਕੂਲਾਂ ਸਮੇਤ, ਕੈਂਪਰ ਦੇ ਬਹੁਤੇ ਸਕੂਲ ਅੱਜ ਬੰਦ ਰਹੇ। ਅੱਜ ਇਨ੍ਹਾਂ ਸਕੂਲਾਂ ’ਚ ਪਡ਼੍ਹਨ ਵਾਲੇ ਬੱਚਿਆਂ ਦੇ ਮਾਪਿਆਂ ਅਤੇ ਆਮ ਲੋਕਾਂ ’ਚ ਇਹ ਚਰਚਾ ਰਹੀ ਕਿ ਜੇਕਰ ਅੱਜ ਚੈਕਿੰਗ ਹੋਣ ਕਾਰਣ ਛੁੱਟੀ ਕੀਤੀ ਹੈ ਤਾਂ ਇਨ੍ਹਾਂ ਦੀਆਂ ਬੱਸਾਂ ’ਚ ਜ਼ਰੂਰ ਕੋਈ ਘਾਟ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਅੱਜ ਬੰਦ ਰਹੇ ਸਕੂਲਾਂ ਦਾ ਪਤਾ ਲਾ ਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿ ਨਹੀਂ। ਲਹਿਰਾਗਾਗਾ ਦੇ ਸਕੂਲਾਂ ਦੀਆਂ ਬੱਸਾਂ ਚੈੱਕ ਕਰਨ ਲਈ ਪਹੁੰਚੇ ਆਰ. ਟੀ. ਓ. ਕਰਨਵੀਰ ਸਿੰਘ ਛੀਨਾਂ ਦੀ ਖਬਰ ਸੁਣਦਿਆਂ ਵੱਖ-ਵੱਖ ਪਿੰਡਾਂ ’ਚ ਬੱਚਿਆਂ ਨੂੰ ਲੈਣ ਗਈਆਂ ਬੱਸਾਂ ਨੂੰ ਗਾਇਬ ਕਰ ਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਸਬੰਧੀ ਕਰਨਵੀਰ ਸਿੰਘ ਛੀਨਾਂ ਆਰ. ਟੀ. ਓ. ਨੇ ਕਿਹਾ ਕਿ ਉਨ੍ਹਾਂ ਵੱਲੋਂ ਸਕੂਲਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ ਜੇਕਰ ਕੋਈ ਵੀ ਖਾਮੀ ਪਾਈ ਗਈ ਤਾਂ ਕਾਨੂੰਨ ਦੀ ਉਲੰਘਣਾ ਕਰ ਰਹੇ ਸਕੂਲਾਂ ਦੀਆਂ ਬੱਸਾਂ ਨੂੰ ਬੰਦ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News