ਨਮੀ ਦੀ ਆਡ਼ ’ਚ ਐੱਫ. ਸੀ. ਆਈ. ਨੂੰ ਕਰੋਡ਼ਾਂ ਦਾ ਚੂਨਾ ਲਾਉਣ ਲਈ ਮਾਫੀਆ  ਹੋਇਆ ਸਰਗਰਮ

10/18/2018 6:01:23 AM

ਬੁਢਲਾਡਾ, (ਮਨਚੰਦਾ)- ਇਸ ਖੇਤਰ ਅੰਦਰ ਨਾਲ ਲੱਗਦੇ ਪੰਜਾਬ ਹਰਿਆਣਾ ਹੱਦ ਦੇ ਬ੍ਰਹਾਮਣਵਾਲਾ ਸਮੇਤ ਚਾਰ ਖਰੀਦ ਕੇਂਦਰ ਉਪਰ ਭਾਰਤੀ ਖਾਦੀ ਨਿਗਮ (ਐੱਫ. ਸੀ. ਆਈ.) ਦੇ ਕੁਝ ਅਧਿਕਾਰੀਅਾਂ ਦੀ ਮਿਲੀਭੁਗਤ ਨਾਲ  ਮਿਲਿੰਗ ਦੀ ਆਡ਼ ਵਿਚ ਐੱਫ. ਸੀ. ਆਈ. ਨੂੰ ਕਰੋਡ਼ਾਂ ਰੁਪਏ ਦਾ ਚੂਨਾ ਲਾਉਣ ਲਈ ਵਪਾਰੀ ਅਤੇ ਖਰੀਦ ਏਜੰਸੀਆਂ ਦਾ ਮਾਫੀਆ  ਸਰਗਰਮ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮਾਨਸਾ ਜ਼ਿਲੇ ਨਾਲ ਲੱਗਦੇ ਬੁਢਲਾਡਾ ਖੇਤਰ ਦੇ ਹਰਿਆਣਾ ਬਾਰਡਰ ਦੇ ਨਜ਼ਦੀਕ ਹਰਿਆਣੇ ਦਾ ਖਰੀਦ ਕੇਂਦਰ ਬ੍ਰਹਾਮਣਵਾਲਾ, ਲੱਧੁੂਵਾਸ, ਬੱਬਣਪੁਰ, ਮਹਿੰਦੋਕੇ ਖਰੀਦ ਕੇਂਦਰਾਂ ਵਿਚ ਜਿਥੇ ਜੀਰੀ ਦੀ ਨਮੀ ਦੀ ਆਡ਼ ਵਿਚ ਖਰੀਦ ਸਮੇਂ ਕਟੌਤੀ ਟੈਕਸ ਲਾ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ, ਉਥੇ ਐੱਫ. ਸੀ. ਆਈ. ਦੇ ਨਿਯਮਾਂ ਦੇ ਉਲਟ 17 ਤੋਂ 18 ਨਮੀ ਦੇ ਮਾਪਦੰਡ ਦੇ ਮੁਕਾਬਲੇ 25 ਫੀਸਦੀ ਨਮੀ ਤੱਕ ਦਾ ਝੋਨਾ ਖਰੀਦਿਆ ਜਾ ਰਿਹਾ ਹੈ। ਇਥੇ ਹੀ ਬੱਸ ਨਹੀਂ ਉਪਰੋਕਤ ਨਿਰਧਾਰਤ ਖਰੀਦ ਕੇਂਦਰਾਂ ਦੇ ਮੁਕਾਬਲੇ ਕਿਸਾਨਾਂ ਦੀ ਲੁੱਟ ਲਈ ਆਪਣੇ ਪੱਧਰ ’ਤੇ ਹੀ ਵਪਾਰੀਅਾਂ ਵੱਲੋਂ ਮਾਰਕੀਟ ਕਮੇਟੀ ਦੀ ਮਿਲੀਭੁਗਤ ਨਾਲ  ਖੇਤਾਂ ਵਿਚ ਹੀ 25 ਦੇ ਕਰੀਬ ਅਣ-ਅਧਿਕਾਰਤ ਨਾਜਾਇਜ਼ ਖਰੀਦ ਕੇਂਦਰ ਸਥਾਪਤ ਕੀਤੇ ਹੋਏ ਹਨ। ਜਿਥੇ ਪੰਜਾਬ ਦੇ ਕੁਝ ਆਡ਼੍ਹਤੀਏ ਕਿਸਾਨਾਂ ਨੂੰ ਮੰਡੀਅਾਂ ’ਚ ਖੱਜਲ-ਖੁਆਰੀ ਦੀ ਦੁਹਾਈ ਦੇ ਕੇ ਵੱਧ ਨਮੀ ਦੀ ਆਡ਼ ’ਚ ਲੁੱਟਣ ਦੀ ਸਕੀਮ ਲਾ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਸਾਲ ਮਾਨਸਾ ਜ਼ਿਲੇ ਦੇ ਹਰਿਆਣੇ ਨਾਲ ਲੱਗਦੇ ਪੰਜਾਬ ਖੇਤਰ ’ਚੋਂ 17 ਲੱਖ ਕੁਇੰਟਲ ਝੋਨਾ ਇਨ੍ਹਾਂ ਖਰੀਦ ਕੇਂਦਰਾਂ ਰਾਹੀਂ ਹਰਿਆਣੇ ਜਾ ਚੁੱਕਾ ਸੀ। ਹਰਿਆਣੇ ਦੇ ਕੁਝ ਸ਼ੈਲਰਾਂ ’ਚ ਪੁਰਾਣਾ ਚੌਲ ਲੱਖਾਂ ਟਨਾਂ ਦੀ ਤਾਦਾਦ ਵਿਚ ਪਹਿਲਾਂ ਤੋਂ ਹੀ ਸਟੋਰ ਕੀਤਾ ਗਿਆ ਹੈ  ਜੋ ਕਾਲਾਬਾਜ਼ਾਰੀ ਦੀ ਆਡ਼ ’ਚ ਉਪਰੋਕਤ ਚੌਲਾਂ ਦੀ ਕੁਆਲਟੀ ਵਿਚ ਸੁਧਾਰ ਕਰਨ ਦੇ ਮਨਸੂਬੇ ਨਾਲ ਵੱਡੀ ਤਾਦਾਦ ’ਚ ਵੱਧ ਨਮੀ ਵਾਲਾ ਝੋਨਾ ਖਰੀਦ ਕੇ ਐੱਫ. ਸੀ. ਆਈ. ਵਿਭਾਗ ਨੂੰ ਚੂਨਾ ਲਾਉਣ ਦੀ ਯੋਜਨਾ ਹੈ। 
 ਸ਼ੈਲਰ ਐਸੋਸੀਏਸ਼ਨ ਦੇ ਆਗੂ ਸ਼ਾਮ ਲਾਲ ਧਲੇਵਾ, ਨਰੇਸ਼ ਕੁਮਾਰ ਮੱਪਾ ਨੇ  ਖਦਸ਼ਾ ਜ਼ਾਹਿਰ ਕਰਦਿਅਾਂ ਕਿਹਾ ਕਿ ਐੱਫ. ਸੀ. ਆਈ. ਅੰਦਰ ਚੌਲਾਂ ਦੀ ਮਿਲਿੰਗ ਦੌਰਾਨ ਪੰਜਾਬ ਹਰਿਆਣਾ ਹੱਦ ’ਤੇ ਕਰੋਡ਼ਾਂ ਰੁਪਏ ਦਾ ਗੋਲਮਾਲ ਇਸ ਵਾਰ ਫਿਰ ਹੋਣ ਜਾ ਰਿਹਾ ਹੈ, ਜਿਸ ’ਚ ਐੱਫ. ਸੀ. ਆਈ. ਵਿਭਾਗ ਦੇ ਵੱਡੀ ਪੱਧਰ ’ਤੇ ਅਧਿਕਾਰੀ ਇਸ ਗੋਲਮਾਲ ਨੂੰ ਅੰਜਾਮ ਦੇਣ ’ਚ ਯੋਜਨਾਵਾਂ ਬਣਾ ਰਹੇ ਹਨ।
ਆਰਜ਼ੀ ਖਰੀਦ ਕੇਂਦਰਾਂ  ਨੂੰ  ਬੰਦ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ 
ਡਿਪਟੀ ਕਮਿਸ਼ਨਰ ਫਤਿਆਬਾਦ ਜੀ. ਕੇ. ਅਭਿਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿਹਾ  ਕਿ ਹਰਿਆਣਾ ਸਰਕਾਰ ਝੋਨੇ ਦੀ ਨਮੀ ਦੀ ਆਡ਼ ਹੇਠ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਵੇਗੀ।  ਉਨ੍ਹਾਂ ਕਿਹਾ ਐੱਫ. ਸੀ. ਆਈ. ਦੇ ਨਿਯਮਾਂ ਅਨੁਸਾਰ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਵਪਾਰੀਅਾਂ ਵੱਲੋਂ ਖਰੀਦ ਕੀਤੇ ਗਏ ਝੋਨੇ ਦੀ ਸਬੰਧਤ ਸ਼ੈਲਰਾਂ ਵਿਚ ਗਿਣਤੀ ਵੀ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਮਾਰਕੀਟ ਕਮੇਟੀ ਰਤੀਆ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਤਿਆਬਾਦ ਪੁਲਸ ਦੇ ਐੱਸ. ਪੀ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ’ਚੋਂ ਵੱਧ ਨਮੀ ਆਉਣ ਵਾਲੇ ਵਹੀਕਲਾਂ ਨੂੰ ਬਾਰਡਰ ’ਤੇ ਰੋਕੇ।  ਉਨ੍ਹਾਂ ਕਿਹਾ ਕਿ ਬ੍ਰਹਾਮਣਵਾਲਾ ਅਤੇ ਇਸ ਦੇ ਆਸ-ਪਾਸ ਖੇਤਰਾਂ ਵਿਚ ਨਾਜਾਇਜ਼ ਆਰਜ਼ੀ ਖਰੀਦ ਕੇਂਦਰਾਂ  ਨੂੰ ਤੁਰੰਤ ਬੰਦ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਤੁਰੰਤ ਇਸ ਦੀ ਰਿਪੋਰਟ ਭੇਜਣ ਲਈ ਸੂਚਿਤ ਕੀਤਾ ਗਿਆ ਹੈ। ਐੱਸ. ਡੀ. ਐੱਮ. ਬੁਢਲਾਡਾ ਨੇ ਆਡ਼੍ਹਤੀ ਵਰਗ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਅਾਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਥੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀਅਾਂ ’ਚ ਸੁੱਕੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਖੱਜਲ-ਖੁਆਰੀ ਨਾ ਹੋ ਸਕੇ। ਸ਼ੈਲਰ ਉਦਯੋਗ ਨਾਲ ਜੁਡ਼ੇ ਵਪਾਰੀਆਂ ਨੇ ਕੇਂਦਰੀ ਖੁਰਾਕ ਮੰਤਰੀ, ਐੱਫ. ਸੀ. ਆਈ. ਦੇ ਉਚ ਅਧਿਕਾਰੀਆਂ, ਹਰਿਆਣਾ ਸਰਕਾਰ ਦੇ ਖੁਰਾਕ ਮੰਤਰੀ ਸਮੇਤ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਸੀਜ਼ਨ ਦੌਰਾਨ ਐੱਫ. ਸੀ. ਆਈ. ਦੀ ਮਿਲਿੰਗ ਦੀ ਆਡ਼ ਵਿਚ ਕਰੋਡ਼ਾਂ ਰੁਪਏ ਦੇ ਘਪਲੇ ਨੂੰ ਕੇਂਦਰ ਅਤੇ ਸੂਬੇ ਦੀ ਸਾਂਝੀ ਨਿਗਰਾਨ ਕਮੇਟੀ ਸਥਾਪਤ ਕਰ ਕੇ ਕਿਸਾਨਾਂ ਦੀ ਲੁੱਟ ਅਤੇ ਹੋਣ ਜਾ ਰਹੇ ਘਪਲੇ ਦਾ ਪਰਦਾਫਾਸ਼ ਕੀਤਾ ਜਾਵੇ। 


Related News