ਮੋਹਾਲੀ : ਪੋਲਿੰਗ ਬੂਥ ''ਤੇ ਵੋਟ ਪਾਉਣ ਆਏ ਜਾਅਲੀ ਵੋਟਰ ਫੜ੍ਹੇ, ਨਕਲੀ ਆਧਾਰ ਕਾਰਡ ਬਣਵਾ ਕੇ...
Tuesday, May 26, 2026 - 12:20 PM (IST)
ਮੋਹਾਲੀ (ਅਮਰਦੀਪ ਸਿੰਘ ਸੈਣੀ) : ਮੋਹਾਲੀ ਦੇ ਵਾਰਡ ਨੰਬਰ-5 ਦੇ ਫੇਜ਼-2 ਵਿਖੇ ਹੋ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਗਿਆਨ ਜੋਤੀ ਸਕੂਲ ਸਥਿਤ ਪੋਲਿੰਗ ਬੂਥ ਵਿੱਚੋਂ ਮਦਰਪੁਰਾ ਦੇ ਦੋ ਕਥਿਤ ਜਾਅਲੀ ਵੋਟਰ ਫੜ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਕਥਿਤ ਤੌਰ ‘ਤੇ ਜਾਅਲੀ ਆਧਾਰ ਕਾਰਡ ਬਣਵਾ ਕੇ ਵੋਟ ਪਾਉਣ ਲਈ ਬੂਥ ‘ਤੇ ਪਹੁੰਚੇ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਪਾਸੋਂ ਕੋਠੀ ਨੰਬਰ 513 ਵਿੱਚ ਰਹਿੰਦੇ ਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੇ ਨਾਂ ਦਾ ਕਥਿਤ ਜਾਅਲੀ ਵੋਟਰ ਕਾਰਡ ਵੀ ਬਰਾਮਦ ਹੋਇਆ। ਜਾਂਚ ਦੌਰਾਨ ਪਤਾ ਲੱਗਿਆ ਕਿ ਮਨਪ੍ਰੀਤ ਸਿੰਘ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਚਲਾ ਗਿਆ ਸੀ ਅਤੇ ਉਸ ਦੀ ਥਾਂ ‘ਤੇ ਕਿਸੇ ਹੋਰ ਵਿਅਕਤੀ ਨੂੰ ਵੋਟ ਪਾਉਣ ਲਈ ਤਿਆਰ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੁਹਾਣਾ, ਕਾਂਗਰਸ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਜ਼ਿਲ੍ਹਾ ਪੁਲਸ ਮੁਖੀ ਕੋਲੋਂ ਮਾਮਲੇ ਦੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜਾਅਲੀ ਵੋਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਲੋਕਾਂ ਜਾਂ ਰਾਜਨੀਤਿਕ ਧਿਰਾਂ ਵੱਲੋਂ ਅਜਿਹੇ ਵਿਅਕਤੀਆਂ ਨੂੰ ਭੇਜਿਆ ਗਿਆ ਹੈ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲਿਆ ਜਾਵੇ।
