ਮੋਗਾ: ਪੁਲਸ ਨੇ 4 ਕਿਲੋ ਹੈਰੋਇਨ ਸਣੇ ਇਕ ਤਸਕਰ ਨੂੰ ਕੀਤਾ ਕਾਬੂ
Tuesday, Mar 24, 2020 - 01:27 PM (IST)
ਮੋਗਾ (ਗੋਪੀ ਰਾਊਕੇ,ਆਜ਼ਾਦ): ਮੋਗਾ ਪੁਲਸ ਵੱਲੋਂ ਹੈਰੋਇਨ ਸਮੱਗਲਿੰਗ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸੀ. ਆਈ. ਏ. ਸਟਾਫ ਧਰਮਕੋਟ ਵੱਲੋਂ ਬੀਤੀ 20 ਮਾਰਚ ਨੂੰ ਬਗੀਚਾ ਸਿੰਘ ਨਿਵਾਸੀ ਨਾਗਰ ਕੇ ਝੁੱਗੇ (ਫਿਰੋਜ਼ਪੁਰ) ਨੂੰ ਬੱਸ ਸਟੈਂਡ ਧਰਮਕੋਟ ਕੋਲੋਂ ਕਾਬੂ ਕਰ ਕੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਜ਼ਿਲਾ ਪੁਲਸ ਮੁਖੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਥਿਤ ਸਮੱਗਲਰ ਕੋਲੋਂ ਸੀ. ਆਈ. ਏ. ਸਟਾਫ ਨੇ 20 ਕਰੋਡ਼ ਮੁੱਲ ਦੀ 4 ਕਿਲੋ 340 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਸਮੇਤ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਗੀਚਾ ਸਿੰਘ ਦਾ ਪੁਲਸ ਨੇ ਦੋ ਦਿਨ ਦਾ ਪੁਲਸ ਰਿਮਾਂਡ ਦੌਰਾਨ ਦੱਸਿਆ ਕਿ ਉਸ ਨੇ ਪਾਕਿਸਤਾਨ ਤੋਂ ਮੰਗਵਾਈ ਚਾਰ ਕਿਲੋ 290 ਗ੍ਰਾਮ ਹੈਰੋਇਨ ਆਪਣੇ ਖੇਤ ਵਿਚ ਛੁਪਾ ਕੇ ਰੱਖੀ ਹੈ ਅਤੇ ਇਕ ਪਿਸਟਲ 30 ਬੋਰ ਵੀ ਮੰਗਵਾਇਆ ਹੈ। ਇਸ ’ਤੇ ਡੀ. ਐੱਸ.ਪੀ. ਜੰਗਜੀਤ ਸਿੰਘ, ਸੀ.ਆਈ.ਏ. ਇੰਸਪੈਕਟਰ ਕਿੱਕਰ ਸਿੰਘ ਨੇ ਬੀ.ਐੱਸ.ਐੱਫ. ਨਾਲ ਮਿਲ ਕੇ ਬਗੀਚਾ ਸਿੰਘ ਦੀ ਨਿਸ਼ਾਨਦੇਹੀ ’ਤੇ ਕੰਡਿਆਲੀ ਤਾਰ ਦੇ ਪਾਰ ਬਗੀਚਾ ਸਿੰਘ ਅਤੇ ਇਸ ਦੇ ਭਰਾ ਦੀ ਸਾਂਝੀ ਜ਼ਮੀਨ ਵਿਚੋਂ ਉਕਤ ਹੈਰੋਇਨ ਅਤੇ ਇਕ ਪਿਸਟਲ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਬਗੀਚਾ ਸਿੰਘ ਨੇ ਇਸ ਤੋਂ ਪਹਿਲਾਂ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਕੋਲੋਂ ਹੈਰੋਇਨ ਮੰਗਵਾਈ ਸੀ। ਇਹ ਹੈਰੋਇਨ ਉਸ ਨੇ ਆਪਣੇ ਟਰੈਕਟਰ ਰਾਹੀਂ ਭਾਰਤੀ ਇਲਾਕੇ ਵਿਚ ਲਿਆਂਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਬਗੀਚਾ ਸਿੰਘ ਦਾ ਭਰਾ ਅਮਰੀਕ ਸਿੰਘ ਵੀ ਹੈਰੋਇਨ ਦੇ ਮਾਮਲੇ ਵਿਚ ਅੰਮ੍ਰਿਤਸਰ ਜੇਲ ਵਿਚ ਬੰਦ ਹੈ। ਇਹ ਸਮੱਗਲਰ ਮੋਗਾ, ਫਿਰੋਜ਼ਪੁਰ ਅਤੇ ਜਲੰਧਰ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਕਰਦਾ ਸੀ। ਉਸ ਦੇ ਖਿਲਾਫ ਪਹਿਲਾਂ ਵੀ ਥਾਣਾ ਸ਼ਾਹਕੋਟ ਵਿਚ ਹੈਰੋਇਨ ਦਾ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਕਥਿਤ ਸਮੱਗਲਰ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।