ਮੋਗਾ: ਵਿਆਹੁਤਾ ਦੀ ਭੇਦਭਰੀ ਹਾਲਾਤ 'ਚ ਮਿਲੀ ਲਾਸ਼

Saturday, May 09, 2020 - 12:08 PM (IST)

ਮੋਗਾ (ਗੋਪੀ ਰਾਊਕੇ,ਆਜ਼ਾਦ): ਅੱਜ ਸਵੇਰੇ ਹਰਗੋਬਿੰਦ ਨਗਰ ਮੋਗਾ ਨਿਵਾਸੀ ਇਕ ਮਹਿਲਾ ਜੋ ਇਕ ਬੱਚੇ ਦੀ ਮਾਂ ਹੈ, ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ, ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਅਤੇ ਹੋਰ ਪੁਲਸ ਮੁਲਾਜ਼ਮ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਵੱਲੋਂ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਮ੍ਰਿਤਕਾ ਦੇ ਮਾਮਾ ਨੇ ਆਪਣੀ ਭਾਣਜੀ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ 'ਤੇ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਕੇ ਹੱਤਿਆ ਕੀਤੇ ਜਾਣ ਦਾ ਦੋਸ਼ ਲਾਇਆ ਹੈ।

PunjabKesari

ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਮ੍ਰਿਤਕਾ ਦਾ ਮਾਮਾ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਹਰਗੋਬਿੰਦ ਨਗਰ ਬਹੋਨਾ ਚੌਂਕ ਮੋਗਾ ਨੇ ਦੱਸਿਆ ਕਿ ਉਹ ਜਵੈਲਰ ਦੀ ਦੁਕਾਨ ਕਰਦਾ ਹੈ। ਉਸਦੇ ਭੈਣ ਅਤੇ ਜੀਜ਼ਾ ਦੀ ਮੌਤ ਹੋ ਜਾਣ 'ਤੇ ਉਹ ਬਚਪਨ ਤੋਂ ਹੀ ਆਪਣੀ ਭਾਣਜੀ ਅਮਨਦੀਪ ਕੌਰ ਨਿਵਾਸੀ ਜੈਤੋ ਨੂੰ ਆਪਣੇ ਕੋਲ ਲੈ ਆਇਆ ਸੀ ਅਤੇ ਉਸਦੀ ਦੇਖਭਾਲ ਕਰਨ ਦੇ ਇਲਾਵਾ 2017 ਵਿਚ ਉਸਦਾ ਵਿਆਹ ਸੁਖਮੰਦਰ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਹਰਗੋਬਿੰਦ ਨਗਰ ਬਹੋਨਾ ਚੌਂਕ ਮੋਗਾ ਦੇ ਨਾਲ ਧਾਰਮਕ ਰੀਤੀ-ਰਿਵਾਜ਼ਾਂ ਅਨੁਸਾਰ ਕੀਤਾ। ਵਿਆਹ ਸਮੇਂ ਮੈਂ ਆਪਣੀ ਹੈਸ਼ੀਅਤ ਅਨੁਸਾਰ ਆਪਣੀ ਭਾਣਜੀ ਅਮਨਦੀਪ ਕੌਰ ਨੂੰ ਦਾਜ ਦਾ ਸਾਮਾਨ ਵੀ ਦਿੱਤਾ। ਇਕ ਸਾਲ ਦੇ ਬਾਅਦ ਉਸਦੀ ਭਾਣਜੀ ਨੇ ਇਕ ਬੇਟੇ ਨੂੰ ਜਨਮ ਦਿੱਤਾ। ਉਸਨੇ ਦੋਸ਼ ਲਾਇਆ ਕਿ ਵਿਆਹ ਦੇ ਕੁੱਝ ਸਮੇਂ ਬਾਅਦ ਮੇਰੀ ਭਾਣਜੀ ਨੂੰ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ। ਇਸ ਸਬੰਧ 'ਚ ਉਹ ਮੈਂਨੂੰ ਕਈ ਵਾਰ ਦੱਸਦੀ, ਪਰ ਮੈਂ ਇਸ ਕਾਰਨ ਚੁੱਪ ਕਰ ਜਾਂਦਾ ਕਿ ਮੇਰੀ ਭਾਣਜੀ ਦਾ ਘਰ ਬਣਿਆ ਰਹਿ ਸਕੇ। 9 ਮਈ ਦੀ ਸਵੇਰ ਕਰੀਬ ਸਵਾ ਚਾਰ ਵਜੇ ਨੂੰ ਮੇਰੀ ਪਤਨੀ ਗੁਰਵਿੰਦਰ ਕੌਰ ਦੇ ਮੋਬਾਇਲ ਫੋਨ 'ਤੇ ਫੋਨ ਆਇਆ ਕਿ ਅਮਨਦੀਪ ਕੌਰ ਦੀ ਹਾਲਤ ਬਹੁਤ ਖਰਾਬ ਹੈ ਅਤੇ ਉਹ ਬੀਮਾਰ ਹੈ। ਜਦ ਮੈਂ ਆਪਣੀ ਭਾਣਜੀ ਦਾ ਪਤਾ ਲੈਣ ਲਈ ਗਿਆ ਤਾਂ ਦੇਖਿਆ ਕਿ ਉਸਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ।

ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਥਾਣੇਦਾਰ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਉਕਤ ਮਾਮਲੇ 'ਚ ਮ੍ਰਿਤਕਾ ਦੇ ਪਤੀ ਸੁਖਮੰਦਰ ਸਿੰਘ, ਸਹੁਰਾ ਸਤਨਾਮ ਸਿੰਘ, ਜਵਾਈ ਅਮਨਦੀਪ ਸਿੰਘ, ਸੱਸ ਧੰਨੀ, ਨਨਾਣ ਗੱਗੂ ਖਿਲਾਫ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਰਿਪੋਰਟ ਆਉਣ ਦੇ ਬਾਅਦ ਸੱਚਾਈ ਦਾ ਪਤਾ ਲੱਗ ਸਕੇਗਾ।ਮ੍ਰਿਤਕਾ ਦੇ ਪਤੀ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਉਸਦਾ ਵਿਆਹੁਤਾ ਜੀਵਨ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ ਸੀ। ਮੇਰੀ ਪਤਨੀ ਅਮਨਦੀਪ ਕੌਰ ਗਲੀ ਵਿਚ ਰਹਿੰਦੇ ਆਪਣੇ ਮਾਮਾ ਦੇ ਘਰ ਗਈ ਸੀ। ਜਦ ਉਹ ਆਈ ਤਾਂ ਉਹ ਬੀਮਾਰ ਸੀ। ਅਸੀਂ ਉਸਦਾ ਇਲਾਜ ਵੀ ਕਰਵਾਇਆ। ਉਸਦੀ ਮੌਤ ਕੁਦਰਤੀ ਹੋਈ ਹੈ। ਜੋ ਦੋਸ਼ ਸਾਡੇ 'ਤੇ ਲਾਏ ਜਾ ਰਹੇ ਹਨ ਉਹ ਸਰਾਸਰ ਗਲਤ ਹੈ।


Shyna

Content Editor

Related News