ਪਤਨੀ ਤੋਂ ਤੰਗ ਆ ਕੇ ਪਤੀ ਨੇ ਕੀਤੀ ਖੁਦਕੁਸ਼ੀ

02/22/2019 5:56:39 PM

ਮੋਗਾ (ਆਜ਼ਾਦ) - ਫਿਰੋਜ਼ਪੁਰ ਦੇ ਪਿੰਡ ਮਮਦੋਟ ਹਾਲ ਜ਼ੀਰਾ ਰੋਡ ਮੋਗਾ ਨਿਵਾਸੀ ਇਕ ਬੱਚੇ ਦੇ ਪਿਓ ਵਲੋਂ ਆਪਣੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਜਗਤਾਰ ਸਿੰਘ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਅਨੋਖ ਸਿੰਘ ਪੁੱਤਰ ਜੋਗਿੰਦਰਪਾਲ ਦੇ ਬਿਆਨਾਂ 'ਤੇ ਪੁਲਸ ਨੇ ਉਸ ਦੀ ਨੂੰਹ ਆਸ਼ੂ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। 

ਅਨੋਖ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦੇ ਬੇਟੇ ਕਰਨ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਆਸ਼ੂ ਨਿਵਾਸੀ ਜ਼ੀਰਾ ਰੋਡ ਮੋਗਾ ਨਾਲ ਹੋਇਆ ਸੀ, ਜਿਨ੍ਹਾਂ ਦੇ ਇਕ ਢਾਈ ਸਾਲ ਦਾ ਬੇਟਾ ਵੀ ਹੈ। ਮੇਰਾ ਬੇਟਾ ਮਜ਼ਦੂਰੀ ਦਾ ਕੰਮ ਕਰਦਾ ਸੀ। ਮੇਰੀ ਨੂੰਹ ਮੇਰੇ ਬੇਟੇ ਨੂੰ ਅਕਸਰ ਹੀ ਆਪਣੇ ਪੇਕੇ ਘਰ ਮੋਗਾ ਜਾ ਕੇ ਕੰਮ ਕਰਨ ਲਈ ਕਹਿੰਦੀ ਸੀ ਪਰ ਮੇਰਾ ਬੇਟਾ ਉਥੇ ਜਾਣ ਲਈ ਤਿਆਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦਾ ਝਗੜਾ ਰਹਿੰਦਾ ਸੀ। ਕਰੀਬ ਪੰਜ ਮਹੀਨੇ ਪਹਿਲਾਂ ਮੇਰੀ ਨੂੰਹ ਮੇਰੇ ਬੇਟੇ ਨੂੰ ਮੋਗਾ ਲੈ ਆਈ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਪਏ। ਮੇਰੇ ਲੜਕੇ ਕਰਨ ਨੇ ਸਾਨੂੰ ਕਈ ਵਾਰ ਦੱਸਿਆ ਕਿ ਉਸ ਦੀ ਪਤਨੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਮੇਰੀ ਕਈ ਵਾਰ ਮਾਰ-ਕੁੱਟ ਵੀ ਕੀਤੀ। ਉਸ ਨੇ ਕਿਹਾ ਕਿ ਮੇਰੇ ਬੇਟੇ ਕਰਨ ਨੇ ਬੀਤੀ 21 ਫਰਵਰੀ ਦੀ ਰਾਤ ਨੂੰ ਆਪਣੇ ਘਰ ਤੋਂ ਥੋੜ੍ਹੀ ਦੂਰ ਦਰੱਖਤ ਨਾਲ ਫਾਹ ਲੈ ਕੇ ਆਪਣੀ ਪਤਨੀ ਅਤੇ ਹੋਰਨਾਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਿਹਾ ਕਿ ਮੇਰੇ ਬੇਟੇ ਕਰਨ ਦੀ ਮੌਤ ਲਈ ਉਸ ਦੀ ਪਤਨੀ ਜ਼ਿੰਮੇਵਾਰ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਹਵਾਲੇ ਕੀਤਾ ਜਾਵੇਗਾ।


rajwinder kaur

Content Editor

Related News