ਖੇਤੀ ਆਰਡੀਨੈਂਸ ਖਿਲਾਫ ਲੋਕਾਂ ਨੇ ਮੋਦੀ ਸਰਕਾਰ ਖਿਲਾਫ ਕੱਢੀ ਜੰਮ ਕੇ ਭੜਾਸ

09/25/2020 10:48:36 PM

ਬੁਢਲਾਡਾ, (ਬਾਂਸਲ) : ਖੇਤੀ ਆਰਡੀਨੈਂਸ ਦੇ ਖਿਲਾਫ ਅੱਜ ਬੰਦ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਸਮੇਤ ਵਪਾਰਕ ਸੰਗਠਨ, ਆੜਤੀਆਂ ਐਸੋਸੀਏਸ਼ਨ, ਬੇਰੁਜ਼ਗਾਰ ਈ. ਟੀ. ਟੀ. ਯੂਨੀਅਨ ਸਮੇਤ ਸਿਆਸੀ ਲੋਕਾਂ ਵੱਲੋਂ ਆਰਡੀਨੈਂਸ ਖਿਲਾਫ ਸਥਾਨਕ ਆਈ. ਟੀ. ਆਈ. ਚੌਕ, ਫੁੱਟਬਾਲ ਚੌਕ, ਗੁਰੂ ਨਾਨਕ ਕਾਲਜ ਚੌਕ ਵਿਖੇ ਵਿਸ਼ਾਲ ਰੋਸ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਸਭਾ ਵੱਲੋਂ ਸੀ. ਪੀ. ਆਈ. ਦੇ ਕਾਮਰੇਡ ਹਰਦੇਵ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਉਸ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਸਮੇਤ ਛੋਟੇ ਦੁਕਾਨਦਾਰਾਂ ਆਦਿ ਦਾ ਅਰਥਚਾਰਾ ਤਾਂ ਤਬਾਹ ਹੋਵੇਗਾ ਹੀ ਬਲਕਿ ਇਸ ਦੇ ਨਾਲ ਬਾਕੀ ਸਾਰੇ ਛੋਟੇ ਕਾਰੋਬਾਰੀ ਵੀ ਬੁਰੀ ਤਰ੍ਹਾ ਪ੍ਰਭਾਵਿਤ ਹੋਣਗੇ।

ਉਨ੍ਹਾਂ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਬਣਾਉਣ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਤਿੰਨੋਂ ਆਰਡੀਨੈਂਸਾਂ ਨੂੰ ਲਾਗੂ ਕਰਕੇ ਖੇਤੀ ਨੂੰ ਤਬਾਅ ਕਰ ਦਿੱਤਾ ਹੈ ਤਾਂ ਕਿਸਾਨ ਆੜਤੀਆਂ ਮੰਡੀਕਰਨ ਅਤੇ ਮਜ਼ਦੂਰ ਜਿੱਥੇ ਆਰਥਿਕ ਤੌਰ 'ਤੇ ਕਮਜ਼ੋਰ ਹੋਵੇਗਾ ਉੱਥੇ ਤਬਾਹੀ ਦੇ ਕੰਢੇ 'ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਰਡੀਨੈਂਸ ਦੇ ਜਾਰੀ ਹੋਣ ਨਾਲ ਕਿਸਾਨਾਂ ਅਤੇ ਆੜਤੀਆਂ ਦੇ ਵਿਚਕਾਰ ਦਾ ਰਿਸ਼ਤਾ ਖਤਮ ਹੋ ਜਾਵੇਗਾ। ਉਨ੍ਹਾ ਕਿਹਾ ਕਿ ਅੱਜ ਪੂਰੇ ਪੰਜਾਬ ਸਮੇਤ ਦੇਸ਼ ਦੇ ਕਈ ਕੋਨਿਆਂ ਤੇ ਇਸ ਆਰਡੀਨੈਂਸ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਇੱਕਠੇ ਹੋ ਕੇ ਲੜਨ ਦੀ ਜ਼ਰੂਰਤ ਹੈ।

ਇਸ ਮੌਕੇ ਉਨ੍ਹਾਂ ਅਕਾਲੀਆਂ 'ਤੇ ਅਸਿੱਧੇ ਤੌਰ 'ਤੇ ਤੰਜ ਕਸਦਿਆਂ ਕਿਹਾ ਕਿ ਆਮ ਧਾਰਨਾ ਹੈ ਕਿ ਪਿੰਡਾਂ ਵਿੱਚ ਕਹਿੰਦੇ ਹਨ ਕਿ ਦੇਖੋ ਨੂੰਹ ਦਾ ਤਲਾਕ ਹੋ ਗਿਆ ਪਰ ਕੁੜਮਾ ਨਾਲ ਯਾਰੀ ਅਜੇ ਵੀ ਕਾਇਮ ਹੈ। ਪੁਲਸ ਨੇ ਸ਼ਹਿਰ ਅੰਦਰ ਟ੍ਰੈਫਿਕ ਨੂੰ ਰੋਕਣ ਲਈ ਕਿਸਾਨਾਂ ਦੇ ਵਾਹਨ ਰੋਕੇ ਸਥਾਨਕ ਸਿਟੀ ਪੁਲਿਸ ਵੱਲੋਂ ਧਰਨੇ ਮੁਜ਼ਾਹਰਿਆ ਨੂੰ ਲੈ ਕੇ ਪਿੰਡਾ ਚ ਆਉਣ ਵਾਲੇ ਵਹੀਕਲਾਂ ਨੂੰ ਸ਼ਹਿਰ ਦੇ ਹੱਦ ਤੇ ਹੀ ਬੈਰੀਗੇਟ ਲਗਾ ਕੇ ਰੋਕੇ ਗਏ। ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੇ ਨਿਜ਼ਾਤ ਪਾਈ। ਸਮੁੱਚੇ ਪ੍ਰਦਰਸ਼ਨ ਦੌਰਾਨ ਡੀ. ਐਸ. ਪੀ. ਬਲਜਿੰਦਰ ਸਿੰਘ ਪੰਨੂੰ, ਐਸ. ਐਚ. ਓ. ਸਿਟੀ ਗੁਰਲਾਲ ਸਿੰਘ, ਐਸ. ਐਚ. ਓ. ਸਦਰ ਪਰਮਿੰਦਰ ਕੋਰ ਉਚੇਚੇ ਤੌਰ 'ਤੇ ਪੁਲਸ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ।


Deepak Kumar

Content Editor

Related News