ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ
Wednesday, Sep 11, 2019 - 12:41 AM (IST)

ਬਠਿੰਡਾ, (ਵਰਮਾ)- ਕਰੀਬ 9 ਮਹੀਨੇ ਪਹਿਲਾਂ ਪਾਣੀ ਲੈਣ ਗਈ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਬਣਾਉਣ ਵਾਲੇ ਮੁਲਜ਼ਮ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਵੂਮੈਨ ਐਂਡ ਚਿਲਡਰਨ ਹਸਪਤਾਲ ’ਚ ਇਕ ਨਾਬਾਲਗ ਲਡ਼ਕੀ ਦਾਖਲ ਹੋਈ, ਜੋ ਕਿ 8 ਮਹੀਨੇ ਦੀ ਗਰਭਵਤੀ ਸੀ। ਪੀਡ਼ਤਾ ਅਨੁਸਾਰ ਕਰੀਬ 9 ਮਹੀਨੇ ਪਹਿਲਾਂ ਉਹ ਪਾਣੀ ਲੈਣ ਲਈ ਘਰੋਂ ਬਾਹਰ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਇਕ ਨੌਜਵਾਨ ਸੰਜੇ ਕੁਮਾਰ ਉਸ ਨੂੰ ਘਰ ਦੇ ਨਜ਼ਦੀਕ ਝਾਡ਼ੀਆਂ ’ਚ ਲੈ ਗਿਆ, ਜਿਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਬਾਰੇ ਕਿਸੇ ਨੂੰ ਕੁਝ ਨਾ ਕਹਿਣ ਦੀ ਧਮਕੀ ਦਿੱਤੀ। ਪੀਡ਼ਤਾ ਦੀ ਮਾਂ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਉਸ ਦੀ ਬੇਟੀ ਦੇ ਪੇਟ ’ਚ ਦਰਦ ਸ਼ੁਰੂ ਹੋ ਗਿਆ ਅਤੇ ਉਹ ਆਪਣੀ ਲਡ਼ਕੀ ਨੂੰ ਦਵਾਈ ਦਿਵਾਉਣ ਲਈ ਡਾਕਟਰ ਕੋਲ ਗਈ। ਮੈਡੀਕਲ ਜਾਂਚ ’ਚ ਉਸ ਦੇ 8 ਮਹੀਨੇ ਦੀ ਗਰਭਵਤੀ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।