ਵਿਦੇਸ਼ ਭੇਜਣ ਦਾ ਝਾਂਸਾ ਦੇ ਕੀਤੀ ਲੱਖਾਂ ਦੀ ਠੱਗੀ
Sunday, Sep 22, 2019 - 11:20 PM (IST)

ਮਾਨਸਾ, (ਮਨਜੀਤ ਕੌਰ)- ਲਾਗਲੇ ਪਿੰਡ ਬੁਰਜ ਝੱਬਰ ਵਾਸੀ ਇੱਕ ਪਿਤਾ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਚੱਕਰ 'ਚ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਬਾਰੇ 'ਚ ਮਿਲੀ ਸ਼ਿਕਾਇਤ 'ਤੇ ਥਾਣਾ ਜੋਗਾ ਦੀ ਪੁਲਸ ਨੇ ਇੱਕ ਵਿਅਕਤੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨਾਇਬ ਸਿੰਘ ਵਾਸੀ ਪਿੰਡ ਬੁਰਜ ਝੱਬਰ ਦਾ ਸੰਪਰਕ ਸਾਲ 2015 'ਚ ਸੱਭਿਆਚਾਰਕ ਪ੍ਰੋਗਰਾਮ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਰੰਧਾਵਾ ਵਾਸੀ ਪਿੰਡ ਤਲਬਣ, ਜ਼ਿਲ੍ਹਾਂ ਜਲੰਧਰ ਨਾਲ ਹੋਇਆ, ਜਿਸ ਨੇ ਉਸ ਦੇ ਲੜਕੇ ਕੁਲਵਿੰਦਰ ਸਿੰਘ ਨੂੰ ਕੈਨੇਡਾ ਭੇਜ ਕੇ ਉੱਥੇ ਪੱਕੇ ਤੌਰ 'ਤੇ ਸੈਟਲ ਕਰਨ ਦੀ ਗੱਲ ਕਰਦਿਆਂ 20 ਲੱਖ ਰੁਪਏ ਮੰਗੇ ਅਤੇ ਸੌਦਾ 18 ਲੱਖ 50 ਹਜ਼ਾਰ ਰੁਪਏ 'ਚ ਤਹਿ ਹੋ ਗਿਆ। ਇਸ ਉਪਰੰਤ ਨਾਇਬ ਸਿੰਘ ਨੇ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਵੱਖ–ਵੱਖ ਸਮੇਂ 'ਤੇ ਕੁੱਲ 12 ਲੱਖ 95 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਦੀ ਰਕਮ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਤੈਅ ਹੋਈ। ਇਸ ਉਪਰੰਤ ਕਾਫ਼ੀ ਸਮਾਂ ਬੀਤ ਜਾਣ 'ਤੇ ਵੀ ਗੁਰਪ੍ਰੀਤ ਰੰਧਾਵਾ ਨੇ ਨਾ ਤਾਂ ਉਸ ਦੇ ਲੜਕੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੀ ਉਕਤ ਰਾਸ਼ੀ ਵਾਪਿਸ ਕੀਤੀ, ਜਿਸ ਨੂੰ ਲੈ ਕੇ ਪੀੜਤ ਨਾਇਬ ਸਿੰਘ ਨੇ ਜ਼ਿਲ੍ਹਾਂ ਪੁਲਸ ਮੁੱਖੀ ਮਾਨਸਾ ਕੋਲ ਸ਼ਿਕਾਇਤ ਕਰਕੇ ਇਨਸਾਫ਼ ਦੀ ਮੰਗ ਕੀਤੀ, ਜਿੰਨ੍ਹਾਂ ਵੱਲੋਂ ਜਾਂਚ ਕਰਵਾਉਣ ਉਪਰੰਤ ਜਾਰੀ ਹੁਕਮਾਂ 'ਤੇ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਗੁਰਪ੍ਰੀਤ ਰੰਧਾਵਾ ਖਿਲਾਫ਼ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।