ਘਰੇਲੂ ਕਲੇਸ਼ ਤੋਂ ਦੁਖੀ ਸੈਂਟਰਲ ਫੋਰਸ ਦੇ ਜਵਾਨ ਨੇ ਲਿਆ ਫਾਹਾ
Monday, Jun 10, 2019 - 10:29 PM (IST)
ਖਮਾਣੋਂ, (ਜਟਾਣਾ)— ਪਿੰਡ ਲਾਡਪੁਰੀ ਥਾਣਾ ਖੇੜੀ ਨੌਧ ਸਿੰਘ ਦੇ ਸੈਂਟਰਲ ਫੋਰਸ ਦੇ ਇਕ ਜਵਾਨ ਵੱਲੋਂ ਘਰ 'ਚ ਕਲੇਸ਼ ਦੇ ਕਾਰਨ ਛੱਤ ਵਾਲੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਖੇੜੀ ਨੌਧ ਸਿੰਘ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੇ ਤਰਨਜੀਤ ਸਿੰਘ ਨੇ ਮ੍ਰਿਤਕ ਦਾ ਖਮਾਣੋਂ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਵੇਲੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ. ਆਈ. ਐੱਸ. ਐੱਫ਼. ਵਿਚ ਦਿੱਲੀ ਦੀ ਮੈਟਰੋ 'ਚ ਡਿਊਟੀ ਕਰ ਰਹੇ ਮ੍ਰਿਤਕ ਸੌਦਾਗਰ ਸਿੰਘ (34) ਦੀ ਮਾਤਾ ਛਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਲਾਡਪੁਰੀ ਨੇ ਪੁਲਸ ਕੋਲ ਲਿਖਾਏ ਬਿਆਨਾਂ 'ਚ ਦੱਸਿਆ ਕਿ ਉਸ ਦੀ ਨੂੰਹ ਨੀਨਾ ਰਾਣੀ ਉਸ ਦੇ ਲੜਕੇ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹਿੰਦੀ ਸੀ।
ਬੀਤੀ ਰਾਤ ਸਾਢੇ 9 ਵਜੇ ਮ੍ਰਿਤਕ ਦਾ ਘਰ ਵਾਲੀ ਨਾਲ ਫਿਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ, ਜਿਸ ਤੋਂ ਬਾਅਦ ਉਸਨੇ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ। ਪੁਲਸ ਨੇ ਸੌਦਾਗਰ ਸਿੰਘ ਦੀ ਮ੍ਰਿਤਕ ਦੇਹ ਦਾ ਖਮਾਣੋਂ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਅਤੇ ਸ਼ਾਮ ਨੂੰ ਉਸਦਾ ਸਸਕਾਰ ਕਰ ਦਿੱਤਾ। ਪੁਲਸ ਨੇ ਮ੍ਰਿਤਕ ਦੀ ਪਤਨੀ ਨੀਨਾ ਰਾਣੀ ਖਿਲਾਫ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।