ਪ੍ਰਵਾਸੀ ਮਜ਼ਦੂਰ ਦਾ 4 ਮਹੀਨੇ ਦਾ ਬੱਚਾ ਚੁੱਕ ਕੇ ਅਣਪਛਾਤੀ ਔਰਤ ਤੇ ਆਦਮੀ ਫਰਾਰ

04/13/2021 10:31:42 AM

ਮੁੱਦਕੀ (ਰੰਮੀ ਗਿੱਲ): ਪਿੰਡ ਜੰਡਵਾਲਾ (ਫ਼ਿਰੋਜ਼ਪੁਰ) ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦੇ 4 ਮਹੀਨੇ ਦੇ ਬੱਚੇ ਨੂੰ ਇੱਕ ਔਰਤ ਤੇ ਇਕ ਆਦਮੀ ਵੱਲੋਂ ਪ੍ਰਵਾਸੀ ਮਜ਼ਦੂਰ ਦੇ ਘਰੋਂ ਚੁੱਕ ਕੇ ਅਗਵਾ ਕਰਨ ਦਾ ਸਮਾਚਾਰ ਹਾਸਲ ਹੋਇਆ ਹੈ।ਪ੍ਰੈੱਸ ਵੱਲੋਂ ਸੰਪਰਕ ਕਰਨ ਤੇ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਕਰਮ ਸਿੰਘ ਨੇ ਦੱਸਿਆ ਕਿ ਪਿੰਡ ਜੰਡਵਾਲਾ ਦੇ ਇੱਕ ਕਿਸਾਨ ਦੇ ਖੇਤ ’ਚ ਮੋਟਰ ਤੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਰੁਦਲ ਸਾਧਾ (ਨਿਵਾਸੀ ਪਿੰਡ ਚੋਕਡ਼ਾ, ਥਾਣਾ ਪੀਰੀ ਬਾਜ਼ਾਰ ਜ਼ਿਲ੍ਹਾ ਲੱਖੀ ਸਰਾਏ (ਬਿਹਾਰ) ਦਾ ਹੈ, ਜੋ ਕਿ ਘਰਾਂ ’ਚ ਪੱਥਰ/ਟਾਆਲਾਂ ਲਾਉਣ ਦਾ ਕੰਮ ਕਰਦਾ ਹੈ, ਦੀ ਪਤਨੀ ਰੰੂਨੀ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸਦਾ ਪਤੀ ਕੰਮ ’ਤੇ ਗਿਆ ਸੀ ਅਤੇ ਉਹ ਘਰ ਕੱਲੀ ਸੀ, ਸਵੇਰੇ ਕਾਰ ’ਚ ਇਕ ਔਰਤ ਤੇ ਆਦਮੀ ਉਨ੍ਹਾਂ ਦੇ ਘਰ ਆਏ। ਆਦਮੀ ਕਾਰ ’ਚ ਬੈਠਾ ਰਿਹਾ ਤੇ ਉਕਤ ਔਰਤ ਉਸਦੇ ਕੋਲ ਆ ਗਈ ਤੇ ਉਸ ਨੂੰ ਸਮਾਜ ਸੇਵੀ ਕਹਿ ਕੇ ਆਟੇ ਦੀ ਥੈਲੀ, ਬਿਸਕੁਟ, ਭੁਜੀਆ ਆਦਿ ਕੁਝ ਰਸਦ ਦੇਣ ਲੱਗ ਪਈ ਅਤੇ ਜਦੋਂ ਉਹ ਸਮਾਨ ਫੜ੍ਹ ਕੇ ਰੱਖਣ ਲੱਗੀ ਤਾਂ ਉਕਤ ਔਰਤ ਉਨ੍ਹਾਂ ਦੇ 4 ਮਹੀਨੇ ਦੇ ਬੱਚੇ ਰਾਜਵੀਰ ਨੂੰ ਚੁੱਕ ਕੇ ਭੱਜ ਗਈ ਤੇ ਕਾਰ ’ਚ ਬੈਠ ਗਈ। ਜਿਸ ਤੋਂ ਬਾਅਦ ਉਹ ਦੋਵੇਂ ਕਾਰ ਭਜਾ ਕੇ ਫਰਾਰ ਹੋ ਗਏ। ਰੂੰਨੀ ਦੇਵੀ ਨੇ ਦੱਸਿਆ ਕਿ ਇਹ ਦੋਵੇਂ ਕੱਲ੍ਹ 11 ਅਪ੍ਰੈਲ ਨੂੰ ਸ਼ਾਮ ਦੇ ਕਰੀਬ 6.30 ਵਜੇ ਉਨ੍ਹਾਂ ਦੇ ਘਰ ਆਏ ਸਨ ਤੇ ਮੇਰੇ ਕੋਲੋਂ ਮੇਰੇ ਬੱਚੇ ਰਾਜਵੀਰ ਦੀ ਮੰਗ ਕਰ ਰਹੇ ਸਨ ਕਿ ਬੱਚਾ ਸਾਨੂੰ ਦੇ ਦੇਵੋਂ ਪਰ ਮੈਂ ਉਨ੍ਹਾਂ ਨੂੰ ਬੱਚਾ ਦੇਣ ਤੋਂ ਜੁਆਬ ਦੇ ਦਿੱਤਾ।

ਜ਼ਿਕਰਯੋਗ ਹੈ ਕਿ ਪ੍ਰਵਾਸੀ ਮਜ਼ਦੂਰ ਰੁਦਲ ਸਾਧਾ ਤੇ ਰੂੰਨੀ ਦੇਵੀ ਦੇ ਚਾਰ ਬੱਚੇ ਹਨ। ਵੱਡਾ ਮੁੰਡਾ ਸ਼ਿਵਾ 7 ਸਾਲ, ਉਸ ਤੋਂ ਛੋਟੀ ਕੁੜੀ ਸ਼ਿਵਾਨੀ 5 ਸਾਲ, ਛੋਟਾ ਲਡ਼ਕਾ ਧਰਮਵੀਰ 4 ਸਾਲ ਅਤੇ ਸਭ ਤੋਂ ਛੋਟਾ 4 ਮਹੀਨੇ ਦਾ ਬੱਚਾ ਲਡ਼ਕਾ ਰਾਜਵੀਰ ਹੈ। ਰਾਜਵੀਰ ਨੂੰ ਇਕ ਆਦਮੀ ਤੇ ਇਕ ਔਰਤ ਵੱਲੋਂ ਅੱਜ ਅਗਵਾ ਕਰ ਲਿਆ ਗਿਆ ਹੈ।

ਚੌਕੀ ਇੰਚਾਰਜ ਏ. ਐੱਸ. ਆਈ. ਕਰਮ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਵੱਖ-ਵੱਖ ਜਾਂਚ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਤੇ ਆਸ ਹੈ ਕਿ ਪੁਲਸ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਕੇ ਬੱਚੇ ਰਾਜਵੀਰ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਕੇ ਉਸਦੇ ਮਾਪਿਆਂ ਹਵਾਲੇ ਕਰਨ ’ਚ ਸਫਲਤਾ ਹਾਸਲ ਕਰ ਲਵੇਗੀ।


Shyna

Content Editor

Related News