ਮਹਾਨਗਰ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ਼ ਕੀਤਾ ਰੋਸ ਮਾਰਚ
Tuesday, Sep 11, 2018 - 06:16 AM (IST)

ਬਠਿੰਡਾ, (ਸੁਖਵਿੰਦਰ)- ਲਾਵਾਰਿਸ ਪਸ਼ੂਆਂ ਦੇ ਮਾਮਲੇ ਨੂੰ ਲੈ ਮਹਾਨਗਰ ਵਾਸੀਅਾਂ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੀ ਸ਼ੁਰੂਆਤ ਫਾਇਰ ਬ੍ਰਿਗੇਡ ਤੋਂ ਕੀਤੀ ਗਈ। ਇਸ ਤੋਂ ਬਾਅਦ ਇਹ ਮਾਰਚ ਆਰੀਆ ਸਮਾਜ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ ਹੁੰਦਾ ਹੋਇਆ ਨਗਰ ਨਿਗਮ ਵਿਖੇ ਪਹੁੰਚਿਅਾ। ਇਸ ਮੌਕੇ ਨਗਰ ਵਾਸੀਅਾਂ ਵਲੋਂ ਕਾਂਗਰਸੀ ਆਗੂ ਜਗਜੀਤ ਸਿੰਘ ਜੌਹਲ (ਜੋਜੋ) ਤੇ ਨਗਰ ਨਿਗਮ ਮੇਅਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂ ’ਤੇ ਮੰਗ-ਪੱਤਰ ਸੌਂਪ ਕੇ 10 ਦਿਨਾਂ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ 10 ਦਿਨਾਂ ਦੇ ਅੰਦਰ ਪਸ਼ੂਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਾਵਾਰਿਸ ਪਸ਼ੂ ਇਨ੍ਹੀ ਦਿਨੀਂ ਲੋਕਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣੇ ਹੋਏ ਹਨ। ਪਸ਼ੂਆਂ ਕਾਰਨ ਹਰ ਰੋਜ਼ ਹਾਦਸੇ ਹੋ ਰਹੇ ਹਨ ਪਰ ਪ੍ਰਸ਼ਾਸਨ ਤੇ ਨਗਰ ਨਿਗਮ ਇਸ ਮਾਮਲੇ ’ਚ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਨ। ਪ੍ਰਸ਼ਾਸਨ ਦੀ ਜਵਾਬਦੇਹੀ ਤਹਿ ਕਰਨ ਲਈ ਹੁਣ ਮਹਾਨਗਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਲਾਵਾਰਿਸ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਸ਼ਹਿਰ ਵਾਸੀਆਂ ਦੀ ਮਦਦ ਨਾਲ ਪ੍ਰਸ਼ਾਸਨ ਖਿਲਾਫ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਮੁੱਦੇ ’ਤੇ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਹੈ।
ਹੱਲ ਨਾ ਹੋਣ ’ਤੇ ਅਧਿਕਾਰੀਆਂ ਦੇ ਘਰਾਂ-ਦਫਤਰਾਂ ’ਚ ਛੱਡਾਂਗੇ ਪਸ਼ੂ
ਸਮਾਜਸੇਵੀ ਜਥੇਬੰਦੀਆਂ ਦੇ ਆਗੂੁਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ 10 ਦਿਨਾਂ ’ਚ ਇਸ ਮਾਮਲੇ ’ਤੇ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕਰਦਿਅਾਂ ਮਹਾਨਗਰ ’ਚੋਂ ਪਸ਼ੂਆਂ ਨੂੰ ਇਕੱਠੇ ਕਰ ਕੇ ਸਾਰੇ ਜ਼ਿੰਮੇਵਾਰ ਨਿਗਮ ਅਧਿਕਾਰੀਆਂ ਦੇ ਘਰਾਂ ਤੇ ਦਫਤਰਾਂ ’ਚ ਛੱਡਿਆ ਜਾਵੇਗਾ।