ਮਹਿਤਾ ਮਾਈਨਰ ''ਚ ਪਿਆ 25 ਫੁੱਟ ਚੌੜਾ ਪਾੜ, 50 ਏਕੜ ਕਣਕ ਬਰਬਾਦ

Thursday, Nov 26, 2020 - 11:30 AM (IST)

ਮਹਿਤਾ ਮਾਈਨਰ ''ਚ ਪਿਆ 25 ਫੁੱਟ ਚੌੜਾ ਪਾੜ, 50 ਏਕੜ ਕਣਕ ਬਰਬਾਦ

ਸੰਗਤ ਮੰਡੀ (ਮਨਜੀਤ): ਪਿੰਡ ਸੰਗਤ ਕਲਾਂ ਵਿਖੇ ਮਹੀਨਾ ਪਹਿਲਾਂ ਬਣੇ ਮਹਿਤਾ ਮਾਈਨਰ 'ਚ ਰਾਤ ਸਮੇਂ 25 ਫੁੱਟ ਚੌੜਾ ਪਾੜ ਕਾਰਨ 50 ਏਕੜ ਦੇ ਕਰੀਬ ਕਿਸਾਨਾਂ ਦੀ ਨਵੀਂ ਬੀਜ਼ੀ ਕਣਕ 'ਚ ਪਾਣੀ ਭਰਨ ਕਾਰਨ ਬਰਬਾਦ ਹੋ ਗਈ। ਰੋਸ 'ਚ ਆਏ ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਠੇਕੇਦਾਰ ਤੇ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਘਟੀਆ ਮਟੀਰੀਅਲ ਲਾਉਣ ਦੇ ਵੀ ਦੋਸ਼ ਲਾਏ। ਕਿਸਾਨ ਬਲਬੀਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹੀਨਾ ਪਹਿਲਾਂ ਹੀ ਕੰਕਰੀਟ ਨਾਲ ਮਾਈਨਰ ਬਣਾਇਆ ਗਿਆ ਸੀ, ਇਕ ਮਹੀਨੇ ਦੇ ਵਕਫ਼ੇ 'ਚ ਮਾਈਨਰ 'ਚ ਦੋ ਵਾਰੀ ਪਾੜ ਪੈ ਗਿਆ।

ਉਨ੍ਹਾਂ ਦੱਸਿਆ ਕਿ ਮਾਈਨਰ 'ਚ ਪਾੜ ਪੈਣ ਕਾਰਨ ਕਿਸਾਨ ਅਵਤਾਰ ਸਿੰਘ ਦੀ 3 ਏਕੜ, ਜਗਵੰਤ ਸਿੰਘ ਦੀ 6 ਏਕੜ, ਗੁਰਦਾਸ ਸਿੰਘ ਦੀ 4 ਏਕੜ, ਹਰਬੰਸ ਸਿੰਘ ਦੀ 3 ਏਕੜ ਬੀਜ਼ੀ ਕਣਕ ਪਾਣੀ ਭਰਨ ਕਾਰਨ ਬਰਬਾਦ ਹੋ ਗਈ, ਹਾਲੇ ਪਾਣੀ ਦਾ ਵਹਾਅ ਜਾਰੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਵੱਲੋਂ ਮਾਈਨਰ ਬਣਾਉਣ ਸਮੇਂ ਅਧਿਕਾਰੀਆਂ ਨਾਲ ਮਿਲ ਕੇ ਘਟੀਆ ਮਟੀਰੀਅਲ ਲਾਇਆ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਮਾਈਨਰ ਟੁੱਟਣ ਕਾਰਨ ਕਿਸਾਨਾਂ ਸਿਰ ਦੋਹਰੀ ਮਾਰ ਪੈ ਗਈ, ਕਿਸਾਨਾਂ ਦਾ ਕਣਕ ਦੀ ਬਿਜਾਈ 'ਤੇ ਹਜ਼ਾਰਾਂ ਰੁਪਿਆ ਖਰਚ ਹੋ ਚੁੱਕਿਆ ਸੀ ਜੋ ਪਾਣੀ ਨੇ ਸਭ ਬਰਬਾਦ ਕਰ ਦਿੱਤਾ।

ਕਿਸਾਨਾਂ ਦਾ ਕਹਿਣਾ ਸੀ ਕਿ ਮੌਸਮ ਸਰਦੀ ਵਾਲਾ ਹੋਣ ਕਾਰਨ ਜ਼ਮੀਨ 'ਚੋਂ ਪਾਣੀ ਸੁੱਕਣ 'ਤੇ ਬਹੁਤ ਸਮਾਂ ਲੱਗੇਗਾ ਜਿਸ ਕਾਰਨ ਕਣਕ ਦੀ ਬਿਜਾਈ ਦਾ ਸਮਾਂ ਤਾਂ ਪਹਿਲਾਂ ਹੀ ਨਿਕਲ ਚੁੱਕਿਆ ਹੈ ਉਹ ਦੂਸਰੀ ਕੋਈ ਹੋਰ ਫ਼ਸਲ ਵੀ ਨਹੀਂ ਬੀਜ਼ ਸਕਣਗੇ। ਉਨ੍ਹਾਂ ਨੂੰ ਜ਼ਮੀਨ ਵਿਹਲੇ ਰੱਖਣੀ ਪਵੇਗੀ। ਕਿਸਾਨਾਂ 'ਚ ਇਸ ਗੱਲ ਦਾ ਵੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਸੀ, ਮਾਈਨਰ ਦੀ ਸੂਚਨਾ ਮਿਲਣ 'ਤੇ ਵੀ ਮੌਕੇ 'ਤੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ, ਖੁਦ ਉਨ੍ਹਾਂ ਵਲੋਂ ਹੀ ਮਾਈਨਰ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮਾਈਨਰ ਦੇ ਟੁੱਟਣ ਕਾਰਨ ਕਈ ਕਿਸਾਨਾਂ ਦੇ ਖ਼ੇਤ 'ਚ ਲੱਗੇ ਖੂਹਾਂ 'ਚ ਵੀ ਪਾਣੀ ਭਰ ਗਿਆ। ਕਿਸਾਨਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।


author

Shyna

Content Editor

Related News