ਮਹਿਤਾ ਮਾਈਨਰ ''ਚ ਪਿਆ 40 ਫੁੱਟ ਚੌੜਾ ਪਾੜ, 100 ਏਕੜ ਪੱਕੀ ਫਸਲ ਪਾਣੀ ''ਚ ਡੁੱਬੀ

03/07/2020 1:28:42 AM

ਸੰਗਤ ਮੰਡੀ,(ਮਨਜੀਤ)- ਪਿੰਡ ਮਹਿਤਾ ਵਿਖੇ ਰਾਤ ਸਮੇਂ ਬਰਸਾਤ ਕਾਰਣ ਮਹਿਤਾ ਮਾਈਨਰ 'ਚ ਕਿਸਾਨ ਗੁਰਦੀਪ ਸਿੰਘ ਦੇ ਖ਼ੇਤ 'ਚ ਪਾੜ ਪੈ ਗਿਆ। ਪਾੜ ਪੈਣ ਕਾਰਣ ਜਿਥੇ ਕਿਸਾਨਾਂ ਦੀ 100 ਏਕੜ ਦੇ ਲਗਭਗ ਕਣਕ ਪਾਣੀ 'ਚ ਡੁੱਬ ਗਈ, ਉਥੇ ਖੂਹ ਵੀ ਪਾਣੀ ਨਾਲ ਭਰ ਗਏ। ਇਸ ਕਾਰਣ ਖ਼ੂਹ 'ਚ ਲੱਗੀਆਂ ਮੋਟਰਾਂ ਵੀ ਸੜਨ ਦਾ ਖਦਸ਼ਾ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਇਲਾਕੇ 'ਚ ਬਰਸਾਤ ਹੋਈ ਸੀ। ਬਰਸਾਤ ਕਾਰਣ ਰਜਬਾਹੇ ਦਾ ਪਾਣੀ ਵਧ ਗਿਆ ਅਤੇ ਰਜਬਾਹਾ ਟੁੱਟ ਗਿਆ। ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਰਜਬਾਹੇ 'ਚ ਪਏ ਪਾੜ ਕਾਰਣ ਉਸ ਦੀ 5 ਏਕੜ ਕਣਕ ਸਮੇਤ ਕਿਸਾਨ ਜਸਵੀਰ ਸਿੰਘ ਦੀ 5 ਏਕੜ, ਅੰਗਰੇਜ਼ ਸਿੰਘ ਦੀ 8 ਏਕੜ, ਹਰਭਜਨ ਸਿੰਘ ਦੀ 35 ਏਕੜ ਅਤੇ ਗੁਰਪ੍ਰੀਤ ਸਿੰਘ ਦੀ 4 ਏਕੜ ਕਣਕ ਤੋਂ ਇਲਾਵਾ ਦੂਸਰੇ ਹੋਰ ਵੀ ਕਈ ਕਿਸਾਨਾਂ ਦੀ ਪੱਕ ਚੁੱਕੀ ਕਣਕ ਪਾਣੀ ਨਾਲ ਭਰ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਾੜ ਦਾ ਸਵੇਰੇ ਚਾਰ ਵਜੇ ਪਤਾ ਲੱਗਾ। ਕਿਸਾਨ ਹਰਭਜਨ ਸਿੰਘ ਵੱਲੋਂ ਤਾਂ 35 ਏਕੜ ਜ਼ਮੀਨ ਠੇਕੇ 'ਤੇ ਮਹਿੰਗੇ ਭਾਅ 'ਤੇ ਲੈ ਕੇ ਕਣਕ ਦੀ ਬੀਜਾਈ ਕੀਤੀ ਗਈ ਸੀ। ਇਸ ਤੋਂ ਇਲਾਵਾ ਕਿਸਾਨਾਂ ਦੇ ਖੂਹਾਂ 'ਚ ਪਾਣੀ ਭਰਨ ਨਾਲ ਉਨ੍ਹਾਂ 'ਚ ਲੱਗੀਆਂ ਮੋਟਰਾਂ ਖ਼ਰਾਬ ਹੋਣ ਦਾ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸੇ-ਪਾਸੇ ਦੇ ਸਾਰੇ ਰਜਬਾਹਿਆਂ ਦਾ ਨਵੀਨੀਕਰਨ ਹੋ ਚੁੱਕਾ ਹੈ ਪਰ ਇਸ ਰਜਬਾਹੇ ਦਾ ਨਵੀਨੀਕਰਨ ਨਹੀਂ ਕੀਤਾ ਗਿਆ। ਖਸਤਾਹਾਲ ਹੋਣ ਕਾਰਣ ਇਹ ਰਜਬਾਹਾ ਹਰ ਵਾਰ ਟੁੱਟ ਕੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਜਾਂਦਾ ਹੈ। ਕਣਕ ਦੀ ਫਸਲ ਨਿਸਾਰੇ 'ਤੇ ਆਈ ਹੋਈ ਸੀ ਪਰ ਰਜਬਾਹਾ ਟੁੱਟਣ ਕਾਰਣ ਕਿਸਾਨਾਂ ਦੀ ਕਣਕ 'ਚ ਫੁੱਟ-ਫੁੱਟ ਪਾਣੀ ਭਰ ਗਿਆ। ਕਿਸਾਨਾਂ ਨੇ ਦੱਸਿਆ ਕਿ ਜੇਕਰ ਕਣਕ 'ਚੋਂ ਤੁਰੰਤ ਪਾਣੀ ਬਾਹਰ ਨਾ ਕੱਢਿਆ ਗਿਆ ਤਾਂ ਇਹ ਪੂਰੀ ਬਰਬਾਦ ਹੋ ਜਾਵੇਗੀ, ਉਪਰੋਂ ਮੌਸਮ ਵੀ ਖਰਾਬ ਹੋਇਆ ਪਿਆ ਹੈ। ਇਸ ਕਾਰਣ ਕਿਸਾਨਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਹੀ ਰਜਬਾਹੇ ਦੇ ਪਾੜ ਨੂੰ ਪੂਰਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਰਕਾਰ ਤੋਂ ਖਸਤਾਹਾਲ ਹੋ ਚੁੱਕੇ ਇਸ ਰਜਬਾਹੇ ਦੇ ਨਵੀਨੀਕਰਨ ਦੀ ਮੰਗ ਕੀਤੀ ਗਈ ਹੈ।


Related News