ਇਕ ਵਾਰ ਫਿਰ ਮਾਨਸਾ ਪੁਲਸ ਦੀ ਕਸਟਡੀ 'ਚ ਆਇਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖ਼ਾਸਮ-ਖਾਸ ਦੀਪਕ ਟੀਨੂੰ
Monday, Oct 31, 2022 - 05:50 PM (IST)
ਮਾਨਸਾ (ਮਿੱਤਲ): ਮਾਨਸਾ CIA ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਗ੍ਰਿਫ਼ਤ 'ਚੋਂ ਫ਼ਰਾਰ ਗੈਂਗਸਟਰ ਟੀਨੂੰ ਦਾ ਮਾਨਸਾ ਪੁਲਸ ਨੂੰ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਦੱਸ ਦੇਈਏ ਕਿ ਟੀਨੂੰ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਅਦਾਲਤ ਨੇ ਟੀਨੂੰ ਨੂੰ ਮਾਨਸਾ ਪੁਲਸ ਹਵਾਲੇ ਕਰ ਦਿੱਤਾ ਹੈ। ਪੁਲਸ ਵੱਲੋਂ ਗੈਂਗਸਟਰ ਟੀਨੂੰ ਨੂੰ ਦਿੱਲੀ ਤੋਂ ਮਾਨਸਾ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਾਨਸਾ ਦੇ ਸਿਵਲ ਹਸਪਤਾਲ 'ਚ ਟੀਨੂੰ ਦਾ ਮੈਡੀਕਲ ਕਰਵਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਉਸ ਨੂੰ ਰਾਮਪੁਰਾ ਜਾਂ ਖਰੜ ਵਿਖੇ ਰੱਖ ਕੇ ਏ. ਜੀ. ਟੀ. ਐੱਫ. ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਮਾਨਸਾ ਪੁਲਸ ਵੱਲੋਂ ਗੈਂਗਸਟਰ ਟੀਨੂੰ ਨੂੰ 24 ਘੰਟਿਆਂ ਦੇ ਅੰਦਰ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਆਪ' ਵਿਧਾਇਕ ਦੇ ਘਰ ਹੋਈ ਚੋਰੀ, ਕਰੀਬ 13 ਲੱਖ ਦਾ ਸੋਨਾ ਗਾਇਬ, ਨੌਕਰਾਣੀ 'ਤੇ ਸ਼ੱਕ
ਜ਼ਿਕਰਯੋਗ ਹੈ ਕਿ ਪੁਲਸ ਨੇ ਫਰਾਰ ਹੋਏ ਗੈਂਗਸਟਰ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਦਿੱਲੀ ਪੁਲਸ ਦੀ ਹਿਰਾਸਤ 'ਚ ਸੀ। 3 ਦਿਨ ਪਹਿਲਾਂ ਵੀ ਮਾਨਸਾ ਪੁਲਸ ਨੇ ਦਿੱਲੀ ਜਾ ਕੇ ਗੈਂਗਸਟਰ ਟੀਨੂੰ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਸੀ ਪਰ ਦਿੱਲੀ ਪੁਲਸ ਨੂੰ ਹੀ ਉਸ ਦੀ ਰਿਮਾਂਡ ਮਿਲਿਆ ਸੀ ਅਤੇ ਮਾਨਸਾ ਪੁਲਸ ਨੂੰ ਖਾਲ੍ਹੀ ਹੱਥ ਮੁੜਨਾ ਪਿਆ ਸੀ। ਅੱਜ ਉਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ , ਜਿੱਥੇ ਉਸ ਟਰਾਂਜ਼ਿਟ ਰਿਮਾਂਡ ਮਾਨਸਾ ਪੁਲਸ ਨੂੰ ਦੇ ਦਿੱਤਾ ਹੈ। ਹੁਣ ਪੁਲਸ ਉਸ ਕੋਲੋਂ ਫ਼ਰਾਰ ਮਾਮਲੇ ਦੇ ਵਿੱਚ ਵੀ ਕਾਰਵਾਈ ਕਰੇਗੀ। ਦੱਸਣਯੋਗ ਹੈ ਕਿ ਗੈਂਗਸਟਰ ਦੀਪਕ ਟੀਨੂੰ , ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖ਼ਾਸਮ-ਖਾਸ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।