ਦਾਲ 'ਚ ਕੀੜੇ ਹੋਣ ਦੀ ਸ਼ਿਕਾਇਤ ਕਰਨ 'ਤੇ ਮਾਨਸਾ ਜੇਲ ਦੇ ਮੁਲਾਜ਼ਮਾਂ ਨੇ ਕੁੱਟੇ ਕੈਦੀ

Monday, Dec 03, 2018 - 09:13 PM (IST)

ਦਾਲ 'ਚ ਕੀੜੇ ਹੋਣ ਦੀ ਸ਼ਿਕਾਇਤ ਕਰਨ 'ਤੇ ਮਾਨਸਾ ਜੇਲ ਦੇ ਮੁਲਾਜ਼ਮਾਂ ਨੇ ਕੁੱਟੇ ਕੈਦੀ

ਮਾਨਸਾ— ਮਾਨਸਾ ਦੀ ਤਾਮਕੋਟ ਜੇਲ 'ਚ 3 ਕੈਦੀਆਂ ਨੂੰ ਮੁਲਾਜ਼ਮਾਂ ਵਲੋਂ ਬੁਰੀ ਤਰ੍ਹਾਂ ਕੁੱਟ-ਮਾਰ ਕਰਨ ਦੀ ਖਬਰ ਮਿਲੀ ਹੈ। ਦੋਸ਼ ਹੈ ਕਿ ਕੈਦੀਆਂ ਨੇ ਜੇਲ ਪ੍ਰਸ਼ਾਸਨ ਨੂੰ ਲੰਗਰ 'ਚ ਮਿਲਣ ਵਾਲੀ ਦਾਲ 'ਚ ਕੀੜੇ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਦੌਰਾਨ ਭੜਕੇ ਕਰਮਚਾਰੀਆਂ ਨੇ 3 ਕੈਦੀਆਂ ਨੂੰ ਬੇਰਹਿਮੀ ਨਾਲ ਕੁੱਟਿਆ। ਜ਼ਖਮੀਆਂ ਦਾ ਮਾਨਸਾ ਦੇ ਸਿਵਲ ਹਸਪਤਾਲ 'ਚ ਇਲਾਜ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਮਾਨਸਾ ਦੀ ਜੇਲ 'ਚ ਜੇਲ ਕਰਮਚਾਰੀਆਂ ਵਲੋਂ 3 ਕੈਦੀਆਂ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦੇ ਦੋਸ਼ ਲੱਗੇ ਹਨ। ਕੈਦੀਆਂ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ ਕਿ ਉਨ੍ਹਾਂ ਤੋਂ ਆਪਣੇ ਪੈਰਾਂ 'ਤੇ ਸਹੀ ਤਰੀਕੇ ਨਾਲ ਖੜਾ ਵੀ ਨਹੀਂ ਹੋਇਆ ਜਾ ਰਿਹਾ ਹੈ। ਕੈਦੀਆਂ ਨੇ ਜੇਲ ਕਰਮਚਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਲੰਗਰ 'ਚ ਮਿਲਣ ਵਾਲੀ ਦਾਲ 'ਚ ਕੀੜੇ ਹੋਣ ਦੀ ਗੱਲ ਪ੍ਰਸ਼ਾਸਨ ਨੂੰ ਆਖੀ ਸੀ, ਜਿਸ 'ਤੇ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਕਦਰ ਬੇਰਹਿਮੀ ਨਾਲ ਕੁੱਟਿਆ ਕਿ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਕੋਲੋਂ ਸਹੀ ਤਰ੍ਹਾਂ ਨਾਲ ਪੈਦਲ ਵੀ ਤੁਰਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁੱਟ ਮਾਰ ਪਿਛੋਂ ਜੇਲ ਕਰਮਚਾਰੀਆਂ ਨੇ ਕਈ ਦਿਨਾਂ ਤਕ ਉਨ੍ਹਾਂ ਦਾ ਇਲਾਜ ਵੀ ਨਹੀਂ ਕਰਵਾਇਆ, ਜਿਸ ਕਾਰਨ ਉਨ੍ਹਾਂ ਨੂੰ ਭੁੱਖ ਹੜਤਾਲ ਕਰਨੀ ਪਈ। ਇਸ ਦੌਰਾਨ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ।

ਜ਼ਖਮੀ ਕੈਦੀ ਸਤਨਾਮ ਸਿੰਘ ਅਤੇ ਵੀਰੇਂਦਰ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਜੇਲ ਪ੍ਰਸ਼ਾਸਨ ਦੇ 7 ਪੁਲਸ ਮੁਲਾਜ਼ਮਾਂ ਨੇ ਇਸ ਕਦਰ ਕੁੱਟਿਆ ਕਿ ਉਹ ਸਹੀ ਤਰ੍ਹਾਂ ਨਾਲ ਤੁਰ ਫਿਰ ਵੀ ਨਹੀਂ ਪਾ ਰਹੇ ਹਨ ਅਤੇ ਕਈ ਦਿਨਾਂ ਤਕ ਉਨ੍ਹਾਂ ਦਾ ਇਲਾਜ ਨਹੀਂ ਕਰਵਾਇਆ ਗਿਆ, ਜਦਕਿ ਉਨ੍ਹਾਂ ਦਾ ਕਸੂਰ ਇਹ ਸੀ ਕਿ ਉਨ੍ਹਾਂ ਨੇ ਜੇਲ ਪ੍ਰਸ਼ਾਸਨ ਨੂੰ ਦਾਲ 'ਚ ਕੀੜੇ ਹੋਣ ਦੀ ਗੱਲ ਕਹੀ ਸੀ।
ਇਸ ਬਾਰੇ ਜਦੋਂ ਮਾਨਸਾ ਜੇਲ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਦ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਜੇਲ ਪ੍ਰਸ਼ਾਸਨ 'ਤੇ ਮਾਰਕੁੱਟ ਦੇ ਲੱਗੇ ਸਾਰੇ ਦੋਸ਼ ਗੱਲਤ ਹਨ। ਉਨ੍ਹਾਂ ਨੇ ਕਿਹਾ ਕਿ ਕੈਦੀਆਂ ਕੋਲ ਨਸ਼ੀਲੇ ਪਦਾਰਥ ਸਨ, ਜਿਸ ਲਈ ਉਹ ਪ੍ਰਸ਼ਾਸਨ 'ਤੇ ਝੂਠੇ ਦੋਸ਼ ਲਗਾ ਰਹੇ ਹਨ, ਜਦਕਿ ਜੇਲ 'ਚ 5 ਕਰਮਚਾਰੀ ਇਨ੍ਹਾਂ ਨਾਲ ਮਿਲੇ ਹੋਏ ਸਨ। ਜਿਨ੍ਹਾਂ 'ਤੇ ਸਖ਼ਤੀ ਦਿਖਾਈ ਗਈ ਤਾਂ ਉਹ ਛੱਡ ਕੇ ਚਲੇ ਗਏ। ਉਨ੍ਹਾਂ 'ਤੇ ਨਸ਼ਾ ਸਪਲਾਈ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੇ ਇਕ ਹੋਮਗਾਰਡ ਦੇ ਕਰਮਚਾਰੀ 'ਤੇ ਵੀ ਮਾਮਲਾ ਦਰਜ ਕਰਵਾਇਆ ਹੈ ਜੋ ਇਨ੍ਹਾਂ ਕੈਦੀਆਂ ਨੂੰ ਨਸ਼ਾ ਦਿੰਦਾ ਸੀ। ਇਸ ਲਈ ਇਸ ਰੰਜਿਸ਼ ਦੇ ਤਹਿਤ ਕੈਦੀ ਪ੍ਰਸ਼ਾਸਨ 'ਤੇ ਝੂਠੇ ਦੋਸ਼ ਲਗਾ ਰਹੇ ਹਨ।
 


Related News