ਅਫ਼ਸਰ ਨਾਲ ਬਹਿਸ ਪਿਆ ਪੰਜਾਬ ਪੁਲਸ ਦਾ ASI! ਉੱਪਰ ਤਕ ਪਹੁੰਚੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
Sunday, Apr 05, 2026 - 11:57 AM (IST)
ਫਿਰੋਜ਼ਪੁਰ (ਸੰਨੀ ਚੋਪੜਾ): ਫਿਰੋਜ਼ਪੁਰ ਸਿਟੀ ਦੇ ਥਾਣੇ ਵਿਚ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ। ਇਸ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਏ. ਐੱਸ. ਆਈ. ਗੱਡੀ ਵਿਚ ਬੈਠੇ ਐੱਸ. ਐੱਚ. ਓ. ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਇਕ ਹੋਰ ਪੁਲਸ ਮੁਲਾਜ਼ਮ ਉਸ ਨੂੰ ਬਾਂਹ ਤੋਂ ਫੜ ਕੇ ਦੂਰ ਲੈ ਜਾਂਦਾ ਹੈ। ਫ਼ਿਲਹਾਲ ਏ. ਐੱਸ. ਆਈ. ਤੇ ਐੱਸ. ਐੱਚ.ਓ. ਦੋਹਾਂ ਵੱਲੋਂ ਹੀ ਮਾਮਲੇ ਸੀਨੀਅਰ ਅਫ਼ਸਰਾਂ ਕੋਲ ਪਹੁੰਚਾਉਣ ਦੀ ਗੱਲ ਕਹੀ ਜਾ ਰਹੀ ਹੈ।
ਦਰਅਸਲ, ਏ. ਐੱਸ. ਆਈ. ਰਮਨ ਨੇ ਕਿਹਾ ਕਿ ਉਹ ਕਿਸੇ ਕੇਸ ਵਿਚ ਮੁਲਜ਼ਮ ਨੂੰ ਫੜ ਕੇ ਲਿਆਏ ਸਨ। ਇਸ ਦੌਰਾਨ ਐੱਸ. ਐੱਚ. ਓ. ਕਸ਼ਮੀਰ ਸਿੰਘ ਉਨ੍ਹਾਂ ਦੇ ਕਮਰੇ ਵਿਚ ਆਏ ਤੇ ਮੁਲਜ਼ਮ ਨੂੰ ਛੱਡਣ ਲਈ ਕਹਿਣ ਲੱਗ ਪਏ। ਇਸ 'ਤੇ ਏ. ਐੱਸ. ਆਈ. ਰਮਨ ਨੇ ਕਿਹਾ ਕਿ ਉਹ ਅਜੇ ਉਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਹਨ। ਉਸ ਨੇ ਦੋਸ਼ ਲਗਾਇਆ ਕਿ ਐੱਸ. ਐੱਚ. ਓ. ਜ਼ਬਰਦਸਤੀ ਉਕਤ ਵਿਅਕਤੀ ਨੂੰ ਛੁਡਵਾ ਕੇ ਲੈ ਗਏ। ਇਸ ਦੌਰਾਨ ਉਸ ਦੀ ਨੇਮ ਪਲੇਟ ਵੀ ਟੁੱਟ ਗਈ। ਉਸ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੁਲਸ ਵਿਚ ਭਰਤੀ ਹੋਏ ਹਾਂ, ਪਰ ਥਾਣੇ ਵਿਚ ਆ ਕੇ ਹੀ ਉਸ ਦੀ ਬੇਇਜ਼ਤੀ ਕੀਤੀ ਗਈ ਹੈ। ਏ. ਐੱਸ. ਆਈ. ਨੇ ਕਿਹਾ ਕਿ ਉਹ ਇਹ ਮਾਮਲਾ ਉੱਚ-ਅਧਿਕਾਰੀਆਂ ਦੇ ਧਿਆਨ ਵਿਚ ਲਿਆਵੇਗਾ।
ਦੂਜੇ ਪਾਸੇ ਐੱਸ. ਐੱਚ.ਓ. ਕਸ਼ਮੀਰ ਸਿੰਘ ਨੇ ਕਿਹਾ ਕਿ ਥਾਣਾ ਸਿਟੀ ਵਿਚ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ 7 ਲੋਕਾਂ ਖ਼ਿਲਾਫ਼ ਪਰਚਾ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਤਫ਼ਤੀਸ਼ ਵਿਚ ਮੁਲਜ਼ਮ ਨਿਰਦੋਸ਼ ਪਾਇਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਏ. ਐੱਸ. ਆਈ. ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਤੇ ਉਹ ਆਪਣੇ ਅਫ਼ਸਰ ਨਾਲ ਅਜਿਹਾ ਸਲੂਕ ਕਰਨ ਲਈ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਇਸ ਵਿਵਾਦ ਦੀ ਲਿਖਤੀ ਰਿਪੋਰਟ ਸੀਨੀ੍ਰ ਅਫ਼ਸਰਾਂ ਨੂੰ ਭੇਜਣਗੇ।
