ਨਸ਼ੇ ਦੀ ਆਦਤ ਨੇ 32 ਸਾਲਾਂ ’ਚ ਉਜਾੜ ਦਿੱਤੇ ਕਰੋੜਾਂ ਰੁਪਏ, ਮਾਸੂਮ ਪੁੱਤ ਦੇ ਬੋਲਾਂ ਨੇ ਬਦਲ ਦਿੱਤੀ ਜ਼ਿੰਦਗੀ
Monday, Sep 12, 2022 - 01:37 PM (IST)
ਸੰਗਰੂਰ : ਕਿਹਾ ਜਾਂਦਾ ਹੈ ਕਿ ਲਾਡ-ਪਿਆਰ ਅਕਸਰ ਬੰਦੇ ਨੂੰ ਵਿਗਾੜ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਾਦੇ ਦੇ ਪਿਆਰ 'ਚ ਵਿਗੜੇ ਨੌਜਵਾਨ ਨੇ 8 ਸਾਲਾਂ ਦੀ ਉਮਰ 'ਚ ਨਸ਼ਾ ਖਾਣ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਸਮੈਕ, ਚਿੱਟਾ, ਕੋਕੀਨ ਅਤੇ ਆਈਸ ਤੱਕ ਵੀ ਖਾਣਾ ਸ਼ੁਰੂ ਕਰ ਦਿੱਤਾ। ਲੋੜ ਤੋਂ ਵਧ ਨਸ਼ਾ ਕਰਨ ਨਾਲ ਉਸ ਦਾ ਫੂਡ ਪਾਈਪ ਖਰਾਬ ਹੋ ਗਿਆ , ਜਿਸਦੇ ਇਲਾਜ ਲਈ ਉਸ ਦੇ ਪਰਿਵਾਰ ਨੇ 45 ਲੱਖ ਰੁਪਏ ਖਰਚੇ। ਦੱਸ ਦੇਈਏ ਕਿ 32 ਸਾਲ ਦੀ ਉਮਰ 'ਚ ਇਸ ਨੌਜਵਾਨ ਨੇ 3 ਕਰੋੜ ਰੁਪਏ ਨਸ਼ੇ 'ਤੇ ਹੀ ਬਰਬਾਦ ਕਰ ਦਿੱਤੇ। ਦਾਦੇ ਦੀ ਮੌਤ ਤੋਂ ਬਾਅਦ ਪਿਓ ਦੇ ਹੰਝੂਆਂ ਤੇ ਪੁੱਤ ਦੀਆਂ ਦੁਹਾਈਆਂ ਨੇ ਨੌਜਵਾਨ ਨੂੰ ਨਸ਼ਾ ਛੱਡਣ ਲਈ ਮਜ਼ਬੂਰ ਕਰ ਦਿੱਤਾ। ਦੱਸ ਦੇਈਏ ਕਿ ਨਸ਼ੇ ਦਾ ਆਦੀ ਨੌਜਵਾਨ ਹੁਣ 70 ਦਿਨਾਂ ਤੋਂ ਨਸ਼ਾ ਛੁਡਾਊ ਕੇਂਦਰ 'ਚ ਹੈ ਅਤੇ ਵੀਰਵਾਰ ਨੂੰ ਉਹ ਘਰ ਵਾਪਸ ਪਰਤ ਆਵੇਗਾ।
ਆਪ ਸੁਣਾਈ ਹੱਡਬੀਤੀ
ਇਸ ਸੰਬੰਧੀ ਗੱਲ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਉਸ ਦਾ ਦਾਦਾ ਖਨੌਰੀ 'ਚ ਇਕੱਲਾ ਰਹਿੰਦਾ ਸੀ, ਜਿਸ ਕਾਰਨ 4 ਸਾਲ ਦੀ ਉਮਰ 'ਚ ਉਹ ਉਸ ਨੂੰ ਆਪਣੇ ਨਾਲ ਲੈ ਗਏ। ਜਦੋਂ ਉਹ 8 ਸਾਲ ਦਾ ਹੋਇਆ ਤਾਂ ਸਕੂਲੀ ਦੋਸਤਾਂ ਦੇ ਕਹਿਣ 'ਤੇ ਉਸ ਨੇ ਪਹਿਲੀ ਵਾਰ ਨਸ਼ਾ ਖਾਧਾ ਸੀ। ਉਸ ਨੇ ਦੱਸਿਆ ਕਿ ਦਾਦਾ ਜੀ ਦੀ ਮੌਤ ਤੋਂ ਬਾਅਦ ਉਹ ਦਿਨ-ਰਾਤ ਨਸ਼ਾ ਕਰਨ ਲੱਗ ਗਿਆ। ਅਜਿਹੇ ਹਾਲਾਤ ਦੇਖ ਕੇ ਉਸ ਦੇ ਪਿਤਾ ਵੀ ਉਸ ਅੱਗੇ ਰੌਂਦੇ-ਕੁਰਲਾਉਂਦੇ ਰਹੇ ਅਤੇ ਨਸ਼ਾ ਛੱਡਣ ਲਈ ਉਨ੍ਹਾਂ ਨੇ ਮੈਨੂੰ ਮੇਰੇ ਪੁੱਤ ਦਾ ਵਾਸਤਾ ਵੀ ਦਿੱਤਾ। ਪਿਤਾ ਨੂੰ ਅਜਿਹਾ ਕਰਦਿਆਂ ਦੇਖ ਤੇ ਆਪਣੇ ਮੁੰਡੇ ਵੱਲੋਂ ਕਹਿਣ 'ਤੇ ਮੈਂ ਨਸ਼ਾ ਛੱਡਣ ਦਾ ਮਨ ਬਣਾ ਲਿਆ।
ਇਕ ਮਹੀਨੇ ਤੋਂ ਨਹੀਂ ਲਾਇਆ ਨਸ਼ੇ ਨੂੰ ਹੱਥ
ਪੀੜਤ ਨੌਜਵਾਨ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਉਸ ਦੇ ਪਿਤਾ ਉਸ ਨੂੰ ਰੇਡ ਕਰਾਸ ਨਸ਼ਾ ਮੁਕਤ ਕੇਂਦਰ ਵਿਖੇ ਲੈ ਕੇ ਆਏ ਸੀ। ਉਸ ਦਿਨ ਤੋਂ ਲੈ ਕੇ ਹੁਣ ਤੱਕ 70 ਦਿਨ ਬੀਤ ਗਏ ਹਨ ਅਤੇ ਉਸ ਨੇ ਨਸ਼ੇ ਨੂੰ ਬਿਲਕੁਲ ਹੱਥ ਨਹੀਂ ਲਾਇਆ । ਇਸ ਤੋਂ ਇਲਾਵਾ ਨਸ਼ਾ ਮੁਕਤ ਕੇਂਦਰ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਨੌਜਵਾਨ ਕੇਂਦਰ ਦਾ ਸਭ ਤੋਂ ਚੰਗਾ ਮਰੀਜ਼ ਹੈ ਅਤੇ ਨਸ਼ਾ ਛੱਡਣ ਲਈ ਪੱਕਾ ਮਨ ਬਣਾਈ ਬੈਠੈ ਹੈ।
ਮਹਿੰਗੇ ਸ਼ੌਕ ਰੱਖਣ ਵਾਲੇ ਨੇ ਨਸ਼ੇ ਦੀ ਆੜ 'ਚ ਸਸਤੇ ਵਿਚ ਵੇਚ ਦਿੱਤਾ ਸਭ ਕੁਝ
10 ਵੀਂ ਤੋਂ ਬਾਅਦ ਪੀੜਤ ਨੌਜਵਾਨ ਖੇਤੀ ਦੇ ਨਾਲ-ਨਾਲ ਡੇਅਰੀ ਦਾ ਕੰਮ ਕਰਨ ਲੱਗ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਦਾਦਾ ਜੀ 50 ਹਜ਼ਾਰ ਰੁਪਏ ਪੈਨਸ਼ਨ ਲੈਂਦੇ ਸੀ। ਡੇਅਰੀ ਦਾ ਕੰਮ ਵੀ ਚੰਗਾ ਚੱਲ ਰਿਹਾ ਸੀ, ਉਸ ਤੋਂ ਵੀ 50 ਹਜ਼ਾਰ ਮਹੀਨਾ ਕਮਾਈ ਹੋ ਜਾਂਦੀ ਸੀ। ਇਸ ਤੋਂ ਇਲਾਵਾ 5 ਪਲਾਂਟਾਂ ਦਾ ਹਰ ਮਹੀਨੇ ਲਗਭਗ 2 ਤੋਂ 2.50 ਲੱਖ ਰੁਪਏ ਕਿਰਾਇਆ ਆਉਂਦਾ ਸੀ। ਇਹ ਸਾਰੀ ਕਮਾਈ ਨਾਲ ਉਹ ਮਹਿੰਗੀਆਂ ਗੱਡੀਆਂ ਅਤੇ ਪਸ਼ੂ ਖ਼ਰੀਦਦਾ ਰਹਿੰਦਾ ਸੀ ਪਰ ਨਸ਼ੇ ਦੇ ਕਰਕੇ ਉਸ ਨੇ ਸਭ ਕੁਝ ਵੇਚ ਦਿੱਤਾ। ਨਸ਼ੇ ਦੀ ਆੜ 'ਚ ਡੇਅਰੀ ਵੀ ਵਿਕ ਗਈ। ਉਸ ਨੇ ਦੱਸਿਆ ਕਿ ਸਾਲ 2002 'ਚ ਦਾਦਾ ਜੀ ਨੇ 18 ਸਾਲਾਂ ਦੀ ਉਮਰ 'ਚ ਉਸ ਦਾ ਵਿਆਹ ਕਰ ਦਿੱਤਾ। ਜਿਸ ਤੋਂ ਬਾਅਦ ਪਤਨੀ ਨੂੰ ਵੀ ਨਸ਼ੇ ਬਾਰੇ ਪਤਾ ਲੱਗ ਗਿਆ।
ਹਰ ਮਹੀਨੇ 1 ਲੱਖ ਦਾ ਕਰਦਾ ਸੀ ਨਸ਼ਾ
26 ਸਾਲ ਦੀ ਉਮਰ 'ਚ ਪੀੜਤ ਨੌਜਵਾਨ ਚਿੱਟੇ ਤੋਂ ਇਲਾਵਾ ਹੋਰ ਵੀ ਕਈ ਨਸ਼ੇ ਕਰਨ ਦਾ ਆਦੀ ਹੋ ਗਿਆ। ਦਾਦੇ ਦੀ ਪੈਨਸ਼ਨ ਅਤੇ ਡੇਅਰੀ ਤੋਂ ਹੋਣ ਵਾਲੀ ਸਾਰੀ ਕਮਾਈ ਨਸ਼ੇ 'ਚ ਹੀ ਖਰਾਬ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਹਰ ਮਹੀਨੇ 1 ਲੱਖ ਦਾ ਨਸ਼ਾ ਕਰਨ ਲੱਗ ਗਿਆ ਸੀ। 2019 'ਚ ਉਸ ਦੀ ਫੂਡ ਪਾਈਪ ਖ਼ਰਾਬ ਹੋ ਗਈ। 2020 'ਚ ਦਾਦਾ ਜੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਾਲਾਤ ਜ਼ਿਆਦਾ ਬਦਤਰ ਹੋ ਗਏ ਅਤੇ ਉਹ ਢਾਈ ਲੱਖ ਤੱਕ ਦਾ ਨਸ਼ਾ ਕਰਨ ਲੱਗ ਗਿਆ ਹੁਣ ਤੱਕ ਉਹ ਨਸ਼ੇ 'ਤੇ ਕਰੀਬ 3 ਕਰੋੜ ਰੁਪਏ ਖਰਚ ਚੁੱਕਿਆ ਹੈ ਪਰ ਹੁਣ ਸ਼ਾਇਦ ਉਹ ਇਸ ਵਿੱਚੋਂ ਬਾਹਰ ਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।