ਨਨਕਾਣਾ ਸਾਹਿਬ ਦੇ ਸਿੱਖਾਂ ਦੇ ਹੱਕ ''ਚ ਮਾਲੇਰਕੋਟਲਾ ਦੇ ਮੁਸਲਮਾਨ

01/04/2020 4:09:22 PM

ਮਾਲੇਰਕੋਟਲਾ (ਯਾਸੀਨ) : ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਸਥਿਤ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਗਏ ਪਥਰਾਅ ਦੀ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸਾਡੀ ਮੁਸਲਿਮ-ਸਿੱਖ ਸਾਂਝ ਤੋਂ ਤਕਲੀਫ ਮਹਿਸੂਸ ਕਰਦੇ ਹਨ ਅਤੇ ਉਹ ਇਨ੍ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਉਡੀਕ 'ਚ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਸਾਡੇ ਰਿਸ਼ਤੇ ਖਤਮ ਹੋਣ ਵਾਲੇ ਨਹੀਂ ਹਨ।

ਉਨਾਂ ਕਿਹਾ ਕਿ ਪਥਰਾਅ ਕਰਨ ਵਾਲਿਆਂ ਦਾ ਆਗੂ ਉਹੀ ਵਿਅਕਤੀ ਹੈ ਜਿਸ ਨੇ ਕੁੱਝ ਸਮਾਂ ਪਹਿਲਾਂ ਇਕ ਸਿੱਖ ਕੁੜੀ ਨੂੰ ਕਿਡਨੈਪ ਕੀਤਾ ਸੀ। ਉਨ੍ਹਾਂ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਰਾਰਤੀ ਲੋਕਾਂ ਖਾਸ ਕਰਕੇ ਉਕਤ ਸ਼ਰਾਰਤੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਜਸਵਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਕਿਹਾ ਕਿ ਮੁਸਲਮਾਨਾਂ ਤੇ ਸਿੱਖਾਂ ਦੇ ਰਿਸ਼ਤੇ ਬਹੁਤ ਗੂੜੇ ਅਤੇ ਪੁਰਾਣੇ ਹਨ। ਉਨਾਂ ਕਿਹਾ ਅਸੀਂ ਇੱਥੇ ਮਿਲ ਕੇ ਸਿੱਖ ਮੁਸਲਿਮ ਸਾਂਝ ਦੇ ਬੈਨਰ ਹੇਠ ਕੰਮ ਕਰ ਰਹੇ ਹਾਂ। ਉਨਾਂ ਕਿਹਾ ਕਿ ਸ਼ਰਾਰਤੀ ਲੋਕ ਹਮੇਸ਼ਾਂ ਮੌਕੇ ਦੀ ਤਲਾਸ਼ 'ਚ ਰਹਿੰਦੇ ਹਨ ਅਤੇ ਮੌਕਾ ਮਿਲਣ 'ਤੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਉਨਾਂ ਸਾਰੇ ਤਬਕਿਆਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡਾ ਭਾਈਚਾਰਾ ਹਮੇਸ਼ਾ ਤੋਂ ਹੈ ਅਤੇ ਭਵਿੱਖ 'ਚ ਹੋਰ ਵੀ ਗੂੜਾ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸੀਰ ਅਖਤਰ ਪ੍ਰਧਾਨ ਸਿੱਖ ਮੁਸਲਿਮ ਸਾਂਝ, ਮਨਜੀਤ ਸਿੰਘ ਪਰੂਥੀ, ਆਸਿਫ ਫਾਰੂਕ ਜਨ. ਸਕੱਤਰ, ਐਡਵੋਕੇਟ ਗੁਰਜਿੰਦਰ ਸਿੰਘ ਚਹਿਲ ਆਦਿ ਮੌਜੂਦ ਸਨ।


cherry

Content Editor

Related News