ਲੌਂਗੋਵਾਲ ਹਾਦਸੇ ਮਗਰੋਂ ਮਾਲੇਰਕੋਟਲਾ ਪ੍ਰਸ਼ਾਸਨ ਦੀ ਖੁੱਲ੍ਹੀ ਨੀਂਦ, ਕੀਤੀ ਅਚਨਚੇਤ ਚੈਕਿੰਗ

02/17/2020 5:42:58 PM

ਮਾਲੇਰਕੋਟਲਾ (ਜ਼ਹੂਰ) - ਬੀਤੇ ਦਿਨੀਂ ਲੌਂਗੋਵਾਲ ਵਿਖੇ ਵਾਪਰੇ ਹਾਦਸੇ ’ਚ 4 ਮਾਸੂਮਾਂ ਦੀ ਮੌਤ ਤੋਂ ਬਾਅਦ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗ ਪਈ ਹੈ। ਪੰਜਾਬ ਭਰ 'ਚ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਸਕੂਲੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਵਿਕਰਮਜੀਤ ਸਿੰਘ ਪਾਂਥੇ ਐੱਸ.ਡੀ.ਐੱਮ. ਮਾਲੇਰਕੋਟਲਾ ਵਲੋਂ ਡੀ.ਸੀ.ਸੰਗਰੂਰ ਸ਼੍ਰੀ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ ’ਤੇ ਸਥਾਨਕ ਧੂਰੀ ਰੋਡ ’ਤੇ ਸਥਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਪਾਂਥੇ ਨੇ ਸਕੂਲ ਦੀਆਂ ਬੱਸਾਂ ਅਤੇ ਵੈਨਾਂ ਦੇ ਡਰਾਇਵਰਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਮਾਨਯੌਗ ਪੰਜਾਬ-ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਹਰ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। 

ਐੱਸ.ਡੀ.ਐੱਮ ਸ਼੍ਰੀ ਪਾਂਥੇ ਨੇ ਸਕੂਲ ਬੱਸਾਂ ਦੇ ਡਰਾਇਵਰਾਂ ਨੂੰ ਕਿਹਾ ਕਿ ਬੱਸ/ਵੈਨ 'ਚ ਅੱਗ ਬੁਝਾਊ ਯੰਤਰ ਤੋਂ ਇਲਾਵਾ ਵਾਹਨ ਦੀ ਮੇਂਟੀਨੈਂਸ ਦਾ ਖਾਸ ਖਿਆਲ ਰੱਖਿਆ ਜਾਵੇ। ਕਿਸੇ ਪੁਰਾਣੇ ਵਾਹਨ ਦੀ ਵਰਤੋਂ ਬੱਚਿਆਂ ਨੂੰ ਲਿਜਾਣ ਲਈ ਨਾ ਕੀਤੀ ਜਾਵੇ। ਉਨ੍ਹਾਂ ਸਕੂਲ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸਕੂਲ 'ਚ ਬੱਚਿਆਂ ਨੂੰ ਲਿਜਾਣ ਵਾਲਾ ਕੋਈ ਵਾਹਨ ਖਸਤਾ ਹਾਲਤ 'ਚ ਨਾ ਹੋਵੇ। ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਹਰ ਵਾਹਨ 'ਚ ਸੇਫ ਸਕੂਲ ਵਾਹਨ ਪਾਲਿਸੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮੁੱਢਲੀਆਂ ਸਹੂਲਤਾਂ ਜਿਵੇਂ-ਅੱਗ ਬੁਝਾਊ ਯੰਤਰ, ਐਮਰਜੰਸੀ ਖਿੜਕੀ, ਸੀ.ਸੀ.ਟੀ.ਵੀ ਕੈਮਰੇ ਆਦਿ ਲੱਗੇ ਹੋਣ। ਚੈਕਿੰਗ ਦੌਰਾਨ ਜੇਕਰ ਕਿਸੇ ਵੀ ਸਕੂਲ ਦਾ ਕੋਈ ਵਾਹਨ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਚੱਲਦਾ ਪਾਇਆ ਗਿਆ ਤਾਂ ਉਸ ਵਾਹਨ ਦੇ ਡਰਾਇਵਰ ਦੇ ਨਾਲ-ਨਾਲ ਸਬੰਧਤ ਸਕੂਲ ਮੁੱਖੀ ਦੇ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


rajwinder kaur

Content Editor

Related News