ਸਮੱਸਿਆਵਾਂ ’ਚ ਘਿਰਿਐ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦਾ ਪਿੰਡ ਮਤੋਈ
Monday, Jan 21, 2019 - 02:39 AM (IST)

ਸ਼ੇਰਪੁਰ, (ਸਿੰਗਲਾ)- ਬੇਸ਼ੱਕ ਸੂਬਾ ਤੇ ਕੇਂਦਰ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਲੱਖ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਅੱਜ ਵੀ ਪੰਜਾਬ ਅੰਦਰ ਅਜਿਹੇ ਸੈਂਕਡ਼ੇ ਪਿੰਡ ਦੇਖਣ ਨੂੰ ਮਿਲਦੇ ਹਨ ਜੋ ਮੁੱਢਲੀਆਂ ਸਹੂਲਤਾਂ ਨੂੰ ਤਰਸਦੇ ਹੋਏ ਸਰਕਾਰ ਦੇ ਲਾਰਿਅਾਂ ਤੋਂ ਦੁਖੀ ਹਨ। ਇਸੇ ਤਰ੍ਹਾਂ ਦਾ ਪਿੰਡ ਮਤੋਈ ਹੈ ਜਿਥੇ ਸਰਕਾਰ ਵੱਲੋਂ ਬਹੁ-ਗਿਣਤੀ ਸਹੂਲਤਾਂ ਨਹੀਂ ਪੁੱਜਦੀਆਂ ਕੀਤੀਆਂ ਗਈਆਂ। ਪਿੰਡ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਮਹਿਲਾ ਸਰਪੰਚ ਬੀਬੀ ਪ੍ਰਵੀਨ ਬਣੀ ਹੈ ਜੋ ਕਿ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਦੀ ਧਰਮ ਪਤਨੀ ਹੈ। ਉਨ੍ਹਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਮਤੋਈ ਦੇ ਕਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪੰਜਾਬੀ ਦੇ ਲੇਖਕ ਅਤੇ ਸੂਫੀ ਗਾਇਕ ਹੋਣ ਕਰ ਕੇ ਇਹ ਪਿੰਡ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਸਰਦਾਰ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮਤੋਈ ਗਲਤ ਹਲਕਾ ਬੰਦੀ ਦੀ ਭੇਟ ਚਡ਼੍ਹ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਅਮਰਗਡ਼੍ਹ ਪੈਂਦਾ ਹੈ, ਜਦਕਿ ਉਨ੍ਹਾਂ ਦਾ ਪਿੰਡ ਮਾਲੇਰਕੋਟਲਾ ਵਿਧਾਨ ਸਭਾ ਦੇ ਪਿੰਡਾਂ ਨਾਲ ਲੱਗਦਾ ਹੈ। ਦੂਜਾ ਉਨ੍ਹਾਂ ਨੂੰ ਲੋਕ ਸਭਾ ਹਲਕਾ ਸ੍ਰੀ ਫਤਿਹਗਡ਼੍ਹ ਸਾਹਿਬ ਪੈਂਦਾ ਹੈ ਜੋ ਇਸ ਪਿੰਡ ਤੋਂ ਕਾਫੀ ਦੂਰ ਹੋਣ ਕਰ ਕੇ ਇਸ ਹਲਕੇ ਤੋਂ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਇਥੋਂ ਤੱਕ ਆਉਣ ਵਿਚ ਦਿੱਕਤ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਮਤੋਈ ਜ਼ਿਲਾ ਸੰਗਰੂਰ ਦਾ ਪਿੰਡ ਹੋਣ ਕਰ ਕੇ ਮੈਂਬਰ ਪਾਰਲੀਮੈਂਟ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਤੋਂ ਵੀ ਵਾਂਝਾ ਰਹਿ ਜਾਂਦਾ ਹੈ।
ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦਾ ਨਹੀਂ ਹੈ ਪ੍ਰਬੰਧ
ਪਿੰਡ ਵਿਚ ਜੋ ਗੰਦੇ ਪਾਣੀ ਦੀ ਨਿਕਾਸੀ ਲਈ ਪੁਰਾਣਾ ਛੱਪਡ਼ ਬਣਿਆ ਹੋਇਆ ਹੈ, ਉਸ ਦੀ ਅੱਜ ਤੱਕ ਕਦੇ ਸਫਾਈ ਨਾ ਹੋਣ ਕਰ ਕੇ ਉਹ ਗੰਦਗੀ ਦਾ ਘਰ ਬਣ ਚੁੱਕਿਆ ਹੈ । ਇਸੇ ਕਰ ਕੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੁੱਕਾ ਹੈ, ਜਿਸ ਦੀ ਵਜ੍ਹਾ ਨਾਲ ਪਿੰਡ ਵਿਚ ਕਾਲੇ ਪੀਲੀਏ ਵਰਗੀ ਭਿਆਨਕ ਬੀਮਾਰੀ ਨਾਲ ਕਈ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ। ਬੀਤੇ ਦਿਨ ਵੀ ਇਕ ਅੌਰਤ ਦੀ ਦੁਖਦਾਈ ਮੌਤ ਹੋਣ ਦਾ ਸਮਾਚਾਰ ਹੈ। ਇਸ ਤੋਂ ਇਲਾਵਾ ਹੋਰ ਕਈ ਮੌਤਾਂ ਹੋਣ ਨਾਲ ਲੋਕਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਅਾ ਹੈ। ਸਰਕਾਰ ਨੂੰ ਪਹਿਲ ਦੇ ਅਾਧਾਰ ’ਤੇ ਪਿੰਡ ਦੇ ਛੱਪਡ਼ ਦੀ ਸਫਾਈ ਵੱਲ ਧਿਆਨ ਦੇਣ ਤੇ ਨਾਲ-ਨਾਲ ਕਾਲੇ ਪੀਲੀਏ ਦੇ ਸ਼ਿਕਾਰ ਹੋ ਚੁੱਕੇ ਪਰਿਵਾਰਾਂ ਦੀ ਮਦਦ ਲਈ ਵਿਸ਼ੇਸ਼ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਮੁਡ਼ ਤੋਂ ਘਰ ਦਾ ਖਰਚਾ ਚੱਲਦਾ ਰਹਿ ਸਕੇ। ਪਿੰਡ ਵਿਚ ਸੀਵਰੇਜ ਸਿਸਟਮ ਪਾਉਣ ਲਈ ਪਹਿਲ ਦੇ ਅਾਧਾਰ ’ਤੇ ਗ੍ਰਾਂਟ ਮਨਜ਼ੂਰ ਕੀਤੀ ਜਾਵੇ।
ਪਿੰਡ ਵਿਚ ਬਾਰ੍ਹਵੀਂ ਤੱਕ ਸਕੂਲ ਬਣਾਉਣ ਦੀ ਮੰਗ
ਪਿੰਡ ਮਤੋਈ ਵਿਖੇ ਬੇਸ਼ੱਕ ਹਾਈ ਸਕੂਲ ਤੱਕ ਦੀ ਪਡ਼੍ਹਾਈ ਲਈ ਸਕੂਲ ਹੈ, ਜਿਸ ਵਿਚ ਚਾਰ ਪਿੰਡਾਂ ਦੇ ਬੱਚੇ ਵਿੱਦਿਆ ਹਾਸਲ ਕਰਨ ਲਈ ਆਉਂਦੇ ਹਨ ਪਰ ਇਸ ਤੋਂ ਅੱਗੇ ਦੀ ਪਡ਼੍ਹਾਈ ਕਰਨ ਲਈ ਖਾਸ ਕਰ ਕੇ ਲਡ਼ਕੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਪਿੰਡ ਮਤੋਈ ਵਿਖੇ ਬਾਰ੍ਹਵੀਂ ਤੱਕ ਦੇ ਸਕੂਲ ਨੂੰ ਮਾਨਤਾ ਦਿੱਤੀ ਜਾਵੇ ਅਤੇ ਸਕੂਲ ਲਈ ਲੋਡ਼ੀਂਦੀ ਇਮਾਰਤ ਦਾ ਪ੍ਰਬੰਧ ਵੀ ਕੀਤਾ ਜਾਵੇ।
ਪਾਣੀ ਵਾਲੀ ਟੈਂਕੀ ਦਾ ਦਸ ਸਾਲਾਂ ਤੋਂ ਕੱਟਿਐ ਕੁਨੈਕਸ਼ਨ
ਪਿੰਡ ਦੀ ਮਹਿਲਾ ਸਰਪੰਚ ਬੀਬੀ ਪ੍ਰਵੀਨ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪਾਣੀ ਵਾਲੀ ਟੈਂਕੀ ਦਾ ਕੁਨੈਕਸ਼ਨ ਬਿਜਲੀ ਦਾ ਬਿੱਲ ਨਾ ਭਰਨ ਕਰ ਕੇ ਕੱਟਿਆ ਗਿਆ ਸੀ। ਇਸ ਸਮੇਂ ਵੀ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਪਾਣੀ ਦੀ ਮੁੱਢਲੀ ਸਹੂਲਤ ਨੂੰ ਤਰਸਦੇ ਹਨ। ਜਦਕਿ ਸਰਕਾਰ ਵੱਲੋਂ ਪਿੰਡਾਂ ਵਿਚ ਆਰ. ਓ. ਸਿਸਟਮ ਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਅਾਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਕਰਜ਼ੇ ਚੁੱਕ ਕੇ ਪਾਣੀ ਦਾ ਪ੍ਰਬੰਧ ਕਰਨ ਲਈ ਨਿੱਜੀ ਤੌਰ ’ਤੇ ਸਬਮਰਸੀਬਲ ਮੋਟਰਾਂ ਲਾਈਆਂ ਗਈਆਂ ਹਨ, ਜਿਸ ਨਾਲ ਗਰੀਬ ਵਰਗ ’ਤੇ ਬਿਜਲੀ ਬਿੱਲਾਂ ਦਾ ਭਾਰ ਹੋਰ ਵੱਧ ਗਿਆ ਹੈ।
ਸਟੇਡੀਅਮ ਤੇ ਪਾਰਕ ਨਹੀਂ
ਪਿੰਡ ਮਤੋਈ ਦੇ ਕਈ ਅੰਤਰਰਾਸ਼ਟਰੀ ਕਬੱਡੀ ਖਿਡਾਰੀਅਾਂ ਨੇ ਆਪਣੇ ਪਿੰਡ ਦਾ ਨਾਂ ਦੇਸ਼-ਵਿਦੇਸ਼ ਵਿਚ ਰੌਸ਼ਨ ਕੀਤਾ ਹੈ ਪਰ ਪਿੰਡ ਵਿਚ ਕੋਈ ਖੇਡ ਸਟੇਡੀਅਮ ਨਾ ਹੋਣ ਕਰ ਕੇ ਪਿੰਡ ਦੇ ਨੌਜਵਾਨਾਂ ਨੂੰ ਖੇਡਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਰਕਾਰ ਪਿੰਡ ਵਿਚ ਕੋਈ ਖੇਡ ਸਟੇਡੀਅਮ ਦਾ ਪ੍ਰਬੰਧ ਕਰੇ ਤਾਂ ਨੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਖੇਡਾਂ ਨਾਲ ਜੋਡ਼ਿਅਾ ਜਾ ਸਕਦਾ ਹੈ। ਪਿੰਡ ਵਿਚ ਪਾਰਕ ਦਾ ਪ੍ਰਬੰਧ ਕਰਨਾ ਵੀ ਮੁੱਖ ਮੰਗ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਸੈਰ ਕਰਨ ਵਾਸਤੇ ਸਾਫ-ਸੁਥਰੀ ਜਗ੍ਹਾ ਮਿਲ ਜਾਵੇਗੀ।
ਹੱਡਾਰੋਡ਼ੀ ਲਈ ਚਾਰਦੀਵਾਰੀ ਦਾ ਨਹੀਂ ਪ੍ਰਬੰਧ
ਪਿੰਡ ਵਿਚ ਮੁਰਦਾ ਪਸ਼ੂਆਂ ਨੂੰ ਸੁੱਟਣ ਲਈ ਬਣੀ ਹੱਡਾਰੋਡ਼ੀ ਦੇ ਚਾਰੇ ਪਾਸੇ ਕੋਈ ਚਾਰਦੀਵਾਰੀ ਨਾ ਹੋਣ ਕਰ ਕੇ ਪਿੰਡ ਵਾਸੀਆਂ ਨੂੰ ਕੁੱਤਿਆਂ ਵੱਲੋਂ ਚੁੱਕੀਆਂ ਜਾਂਦੀਆਂ ਹੱਡੀਆਂ ਤੇ ਮਾਸ ਕਰ ਕੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਨੇਡ਼ੇ ਪੈਣ ਕਰ ਕੇ ਬੱਚਿਆਂ ਸਮੇਤ ਅਧਿਆਪਕ ਵਰਗ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੇ ਸਰਪੰਚ ਬੀਬੀ ਪ੍ਰਵੀਨ ਬੇਗਮ, ਪੰਚ ਬੂਟਾ ਸਿੰਘ, ਰਜਿੰਦਰ ਕੌਰ, ਬਲਜਿੰਦਰ ਕੌਰ, ਸਵਰਨਜੀਤ ਕੌਰ, ਲਾਲਦੀਨ, ਜਸਵੀਰ ਸਿੰਘ, ਰਾਜ ਸਿੰਘ ਆਦਿ ਨੇ ਸਰਕਾਰ ਤੋਂ ਉਕਤ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ।