ਜ਼ਿਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 2 ’ਤੇ ਲੋਡ਼ੀਂਦੀਆਂ ਸਹੂਲਤਾਂ ਦੀ ਘਾਟ, ਯਾਤਰੀ ਪ੍ਰੇਸ਼ਾਨ
Thursday, Nov 29, 2018 - 06:46 AM (IST)

ਫ਼ਰੀਦਕੋਟ, (ਚਾਵਲਾ)- ਜ਼ਿਲੇ ਦੇ ਰੇਲਵੇ ਸਟੇਸ਼ਨ ’ਤੇ ਪੁਲ ਨਾ ਹੋਣ ਕਰ ਕੇ ਅਤੇ ਪਲੇਟਫਾਰਮ ਨੰ. 2 ’ਤੇ ਬੈਠਣ ਲਈ ਬੈਂਚ, ਪੀਣ ਲਈ ਪਾਣੀ, ਬਾਥਰੂਮ ਅਾਦਿ ਨਾ ਹੋਣ ਕਾਰਨ ਯਾਤਰੀ ਬੇਹੱਦ ਪ੍ਰੇਸ਼ਾਨ ਹੁੰਦੇ ਹਨ। ਰੇਲਵੇ ਸਟੇਸ਼ਨ ’ਤੇ ਫਿਰੋਜ਼ਪੁਰ ਅਤੇ ਬਠਿੰਡਾ ਵਾਲੇ ਪਾਸੇ ਜਾਣ ਵਾਲੇ ਯਾਤਰੀ ਆਪਣੀ ਟਿਕਟ ਲੈ ਕੇ ਪਲੇਟਫਾਰਮ ਨੰ. 1 ’ਤੇ ਹੀ ਰੇਲ ਗੱਡੀ ਦੀ ਉਡੀਕ ਵਿਚ ਹੀ ਬੈਠਦੇ ਹਨ। ਸਟੇਸ਼ਨ ’ਤੇ ਕਰਾਸ ਹੋਣ ਵੇਲੇ ਰੇਲ ਗੱਡੀ ਆਉਣ ਸਬੰਧੀ ਸਟੇਸ਼ਨ ’ਤੇ ਅਨਾਊਂਸ ਕੀਤਾ ਜਾਂਦਾ ਹੈ ਕਿ ਬਠਿੰਡਾ ਜਾਣ ਵਾਲੀ ਗੱਡੀ ਪਲੇਟਫਾਰਮ ਨੰ. 2 ’ਤੇ ਆ ਰਹੀ ਹੈ, ਉਦੋਂ ਸਟੇਸ਼ਨ ’ਤੇ ਬੈਠੇ ਯਾਤਰੀਆਂ ਨੂੰ ਜਲਦੀ ’ਚ 1 ਨੰਬਰ ਤੋਂ 2 ਨੰਬਰ ਪਲੇਟਫਾਰਮ ’ਤੇ ਲਾਈਨਾਂ ਟੱਪ ਕੇ ਜਾਣਾ ਪੈਂਦਾ ਹੈ।
ਪਲੇਟਫਾਰਮ ਨੰ. 2 ’ਤੇ ਜਾ ਰਹੇ ਯਾਤਰੀਆਂ ਵਿਚ ਵਿਨੋਦ ਬਜਾਜ, ਵਰਿੰਦਰ ਗੁਪਤਾ ਅਤੇ ਰਾਮੇਸ਼ ਗੇਰਾ ਨੇ ਦੱਸਿਆ ਕਿ ਇਕ ਨੰਬਰ ਪਲੇਟਫਾਰਮ ਤੋਂ ਯਾਤਰੀਅਾਂ ਨੂੰ ਉਤਰਨਾ ਪੈਂਦਾ ਹੈ ਅਤੇ ਫਿਰ ਲਾਈਨਾਂ ਉੱਪਰ ਦੀ ਹਨੇਰੇ ਵਿਚੋਂ ਲੰਘ ਕੇ ਦੋ ਨੰਬਰ ਪਲੇਟਫਾਰਮ ’ਤੇ ਪਹੁੰਚਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੇਲੇ ਵੀ ਯਾਤਰੀ ਡਿੱਗ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੋ ਨੰਬਰ ਪਲੇਟਫਾਰਮ ’ਤੇ ਨਾ ਹੀ ਯਾਤਰੀਆਂ ਲਈ ਕੋਈ ਬੈਠਣ ਲਈ ਬੈਂਚ ਹਨ, ਨਾ ਹੀ ਕੋਈ ਬਾਥਰੂਮ ਅਤੇ ਨਾ ਹੀ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ।
ਯਾਤਰੀਆਂ ਨੇ ਡਵੀਜ਼ਨ ਫਿਰੋਜ਼ਪੁਰ, ਰੇਲਵੇ ਮੰਤਰੀ, ਸਥਾਨਕ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਤੋਂ ਮੰਗ ਕੀਤੀ ਹੈ ਕਿ ਫਰੀਦਕੋਟ ਦੇ ਰੇਲਵੇ ਸਟੇਸ਼ਨ ’ਤੇ ਇਕ ਤੋਂ ਦੂਜੇ ਪਲੇਟਫਾਰਮ ’ਤੇ ਜਾਣ ਲਈ ਪੁਲ ਬਣਾਇਆ ਜਾਵੇ ਅਤੇ ਪਲੇਟ ਫਾਰਮ ਦੋ ’ਤੇ ਲੋਡ਼ੀਂਦੀਆਂ ਸਹੂਲਤਾਂ ਪ੍ਰਧਾਨ ਕੀਤੀਆਂ ਜਾਣ।