ਕੂੰਮਕਲਾਂ ਸਿਹਤ ਕੇਂਦਰ ’ਚ ਡਾਕਟਰਾਂ ਦੀ ਘਾਟ, 80 ਪਿੰਡਾਂ ਦੇ ਲੋਕਾਂ ਨੂੰ ਹੋਣਾ ਪੈਂਦੈ ਖੱਜਲ-ਖੁਆਰ

06/08/2023 6:37:56 PM

ਮਾਛੀਵਾੜਾ ਸਾਹਿਬ (ਟੱਕਰ)-ਹਲਕਾ ਸਾਹਨੇਵਾਲ ਅਧੀਨ ਪੈਂਦੇ 80 ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਕੂੰਮਕਲਾਂ ਦੇ ਮੁੱਢਲੇ ਸਿਹਤ ਕੇਂਦਰ ’ਚ ਸਿਰਫ ਇਕ ਡਾਕਟਰ ਤਾਇਨਾਤ ਹੈ, ਜਿਸ ਕਾਰਨ ਪਿੰਡਾਂ ਦੇ ਗ਼ਰੀਬ ਲੋਕ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੀ ਟੀਮ ਵੱਲੋਂ 10 ਏਕੜ ’ਚ ਬਣੇ ਕੂੰਮ ਕਲਾਂ ਹਸਪਤਾਲ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ਨਾਲ ਪਿੰਡਾਂ ਦੇ ਪੰਚ, ਸਰਪੰਚ ਤੇ ਪਤਵੰਤੇ ਸੱਜਣ ਵੀ ਮੌਜੂਦ ਸਨ, ਜਿਨ੍ਹਾਂ ਨੇ ਖੁਲਾਸੇ ਕਰਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਇਥੇ ਵਧੀਆ ਇਮਾਰਤ, ਮਰੀਜ਼ਾਂ ਦੇ ਇਲਾਜ ਲਈ 30 ਬੈੱਡ ਮੌਜੂਦ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਇਲਾਜ ਕਰਵਾਉਣ ਕੋਈ ਵੀ ਨਹੀਂ ਆ ਰਿਹਾ।

PunjabKesari

ਜਾਣਕਾਰੀ ਅਨੁਸਾਰ ਕੂੰਮਕਲਾਂ ਮੁੱਢਲੇ ਸਿਹਤ ਕੇਂਦਰ ’ਚ ਡਾਕਟਰਾਂ ਦੀਆਂ 5 ਪੋਸਟਾਂ ਹਨ ਅਤੇ ਇਥੇ 2 ਤਾਇਨਾਤ, ਜਿਨ੍ਹਾਂ ’ਚੋਂ 1 ਸਾਹਨੇਵਾਲ ਡੈਪੂਟੇਸ਼ਨ ’ਤੇ ਭੇਜ ਦਿੱਤਾ ਹੈ। ਐੱਸ. ਐੱਮ. ਓ. ਤੋਂ ਇਲਾਵਾ ਇਕ ਡਾਕਟਰ ਕਿਸ ਤਰ੍ਹਾਂ 80 ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਸਕਦਾ ਹੈ, ਜੋ ਇਕ ਵੱਡਾ ਸਵਾਲ ਹੈ। ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੀ ਪ੍ਰਧਾਨ ਸਮਰਤਾ ਕੌਰ, ਜੋਗਿੰਦਰ ਸਿੰਘ ਚੌਹਾਨ, ਕਵਲਜੀਤ ਕੌਰ, ਪ੍ਰਭਜੋਤ ਕੌਰ, ਸ਼ਿਫਾਲੀ ਮੈਦਾਨ ਨੇ ਦੱਸਿਆ ਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਐਮਰਜੈਂਸੀ ਹਾਲਾਤ ਦੌਰਾਨ ਵੱਡੇ ਹਸਪਤਾਲਾਂ ਵਿਚ ਪਹੁੰਚਾਉਣ ਲਈ 108 ਨੰਬਰ ਵਾਲੀਆਂ 3 ਵੈਨਾਂ ਖੜ੍ਹੀਆਂ ਹਨ ਪਰ ਡਰਾਈਵਰਾਂ ਦੀ ਘਾਟ ਹੋਣ ਕਾਰਨ ਉਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੀ ਟੀਮ ਨੂੰ ਦੱਸਿਆ ਕਿ ਕਈ ਵਾਰ ਐਮਰਜੈਂਸੀ ਹਾਲਾਤ ਵਿਚ ਮਰੀਜ਼ ਨੂੰ ਦੂਜੇ ਹਸਪਤਾਲਾਂ ਵਿਚ ਲੈ ਕੇ ਜਾਣ ਲਈ ਸਰਕਾਰੀ ਐਂਬੂਲੈਸ ਨਹੀਂ ਮਿਲਦੀ ਤਾਂ ਮਰੀਜ਼ ਦਮ ਤੋੜ ਜਾਂਦੇ ਹਨ।

PunjabKesari

ਗਾਇਨੀ ਦਾ ਡਾਕਟਰ ਵੀ ਨਾ ਹੋਣ ਕਾਰਨ ਗ਼ਰੀਬ ਗਰਭਵਤੀ ਮਰੀਜ਼ਾਂ ਨੂੰ ਜਣੇਪੇ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣਾ ਪੈਂਦਾ ਹੈ ਅਤੇ ਹਜ਼ਾਰਾਂ ਰੁਪਏ ਬਿੱਲ ਅਦਾ ਕਰਨਾ ਪੈਂਦਾ ਹੈ, ਜਦਕਿ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੇ ਇਲਾਜ ਤੇ ਜਣੇਪੇ ਦੀ ਸਹੂਲਤ ਮੁਫ਼ਤ ਹੈ। ਹੋਰ ਤਾਂ ਹੋਰ ਇਸ ਹਸਪਤਾਲ ’ਚ ਅੱਖਾਂ ਅਤੇ ਦੰਦਾਂ ਦਾ ਡਾਕਟਰ ਵੀ ਮੌਜੂਦ ਨਹੀਂ ਪਰ ਇਸ ਸਬੰਧੀ ਮਰੀਜ਼ਾਂ ਦੀ ਸਹੂਲਤ ਲਈ ਅਧੁਨਿਕ ਮਸ਼ੀਨਰੀ ਜ਼ਰੂਰ ਪਈ-ਪਈ ਕਬਾੜ ਹੋ ਰਹੀ ਹੈ। ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੀ ਟੀਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੂੰਮਕਲਾਂ ਮੁੱਢਲੇ ਸਿਹਤ ਕੇਂਦਰ ਨਾਲ ਜੁੜੇ 80 ਪਿੰਡਾਂ ਦੇ ਲੋਕਾਂ ਦੀ ਸਮੱਸਿਆ ਉਹ ਸਰਕਾਰ ਦੇ ਧਿਆਨ ਵਿਚ ਲਿਆਉਣਗੇ ਤਾਂ ਜੋ ਇਥੇ ਡਾਕਟਰਾਂ ਦੀ ਤਾਇਨਾਤੀ ਜਲਦ ਹੋ ਸਕੇ ਅਤੇ ਲੋਕਾਂ ਨੂੰ ਮੁਫ਼ਤ ਸਿਹਤ ਸੁਵਿਧਾਵਾਂ ਮਿਲ ਸਕਣ।
 
ਹਸਪਤਾਲ ’ਚ ਲੱਖਾਂ ਰੁਪਏ ਦੀ ਦਵਾਈ ਚੜ੍ਹੀ ਧੂੜ-ਮਿੱਟੀ ਦੀ ਭੇਟ

ਬੰਦੂ ਹੈਲਪਿੰਗ ਹੈਂਡ ਫਾਊਂਡੇਸ਼ਨ ਦੀ ਪ੍ਰਧਾਨ ਸਮਰਤਾ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਕੂੰਮ ਕਲਾਂ ਮੁੱਢਲੇ ਸਿਹਤ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਇਸ ਦੀ ਪੁਰਾਣੀ ਇਮਾਰਤ ਵਿਚ ਲੱਖਾਂ ਰੁਪਏ ਦੀ ਦਵਾਈ ਜੋ ਸਰਕਾਰ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਪ੍ਰਦਾਨ ਕੀਤੀ ਜਾਣੀ ਸੀ, ਉਹ ਡਾਕਟਰਾਂ ਦੀ ਘਾਟ ਕਾਰਨ ਉਨ੍ਹਾਂ ਤੱਕ ਨਾ ਪੁੱਜ ਸਕੀ। ਸਰਕਾਰ ਦੀਆਂ ਇਨ੍ਹਾਂ ਲੱਖਾਂ ਰੁਪਏ ਦੀਆਂ ਦਵਾਈਆਂ ’ਚੋਂ ਕਈਆਂ ਦੀ ਮਿਤੀ ਲੰਘ ਚੁੱਕੀ ਹੈ ਅਤੇ ਕਈ ਦਵਾਈਆਂ ਦੇ ਡੱਬਿਆਂ ’ਤੇ ਧੂੜ ਜੰਮ ਚੁੱਕੀ ਹੈ, ਜੋ ਹੁਣ ਵਰਤੋਂਯੋਗ ਨਹੀਂ। ਸਮਰਤਾ ਕੌਰ ਨੇ ਦੱਸਿਆ ਕਿ ਜੇਕਰ ਸਰਕਾਰ ਇਨ੍ਹਾਂ ਮੁੱਢਲੇ ਸਿਹਤ ਕੇਂਦਰਾਂ ਵਿਚ ਡਾਕਟਰ ਮੁਹੱਈਆ ਕਰਵਾਏ ਤਾਂ ਆਮ ਮਰੀਜ਼ਾਂ ਤੱਕ ਸਰਕਾਰ ਦੀਆਂ ਮੁਫ਼ਤ ਦਵਾਈਆਂ ਵੀ ਜ਼ਰੂਰ ਪਹੁੰਚਦੀਆਂ ਪਰ ਹੁਣ ਇਹ ਬਰਬਾਦ ਹੋ ਚੁੱਕੀਆਂ ਹਨ। ਇਸ ਲਈ ਉਹ ਮੰਗ ਕਰਦੇ ਹਨ ਕਿ ਸਰਕਾਰ ਗ਼ਰੀਬ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੰਭੀਰਤਾ ਨਾਲ ਯਤਨ ਕਰੇ।

ਕੀ ਕਹਿਣਾ ਹੈ ਐੱਸ. ਐੱਮ. ਓ. ਦਾ

ਇਸ ਸਬੰਧੀ ਮੁੱਢਲੇ ਸਿਹਤ ਕੇਂਦਰ ਕੂੰਮ ਕਲਾਂ ਦੇ ਐੱਸ. ਐੱਮ. ਓ. ਡਾ. ਰੁਪਿੰਦਰ ਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਰਫ ਇਕ ਹੀ ਡਾਕਟਰ ਤਾਇਨਾਤ ਹੈ, ਜੋ ਦਿਨ ਸਮੇਂ ਤਕਰੀਬਨ 100 ਤੋਂ 150 ਮਰੀਜ਼ਾਂ ਦੀ ਜਾਂਚ ਵੀ ਕਰਦਾ ਹੈ ਅਤੇ ਐਮਰਜੈਂਸੀ ਹਾਲਾਤ ਵਿਚ ਮਰੀਜ਼ਾਂ ਦੀ ਦੇਖਭਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹਸਪਤਾਲਾਂ ’ਚ ਆਧੁਨਿਕ ਮਸ਼ੀਨਾਂ, ਦਵਾਈਆਂ, ਬਿਸਤਰਿਆਂ ਅਤੇ ਦਫ਼ਤਰੀ ਸਟਾਫ਼ ਦੀ ਕੋਈ ਕਮੀ ਨਹੀਂ ਹੈ ਪਰ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਸ. ਐੱਮ. ਓ. ਨੇ ਕਿਹਾ ਕਿ ਉਨ੍ਹਾਂ ਦੋ ਦਿਨ ਪਹਿਲਾਂ ਹੀ ਇੱਥੇ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਡਾਕਟਰਾਂ ਦੀ ਘਾਟ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣਗੇ।


Manoj

Content Editor

Related News