ਕੋਟਕਪੂਰਾ ਗੋਲੀਕਾਂਡ : ਮਾਮਲੇ ਦੀ ਜਾਂਚ ਸਬੰਧੀ ਗਠਿਤ ਐੱਸ. ਆਈ. ਟੀ. ਅਚਾਨਕ ਕੋਟਕਪੂਰਾ ਪੁੱਜੀ

05/20/2022 9:59:36 AM

ਕੋਟਕਪੂਰਾ (ਨਰਿੰਦਰ) : 14 ਅਕਤੂਬਰ 2015 ਨੂੰ ਸਥਾਨਕ ਬੱਤੀਆਂ ਵਾਲੇ ਚੌਕ ਵਿਚ ਵਾਪਰੇ ਗੋਲੀਕਾਂਡ ਮਾਮਲੇ ਵਿਚ ਬੱਤੀਆਂ ਵਾਲੇ ਚੌਕ ਵਿਖੇ ਅਚਾਨਕ ਪੁੱਜੀ ਐੱਸ. ਆਈ. ਟੀ. ਦੀ ਟੀਮ ਨੇ ਮੌਕੇ ’ਤੇ ਜਾ ਕੇ ਪੜਤਾਲ ਕੀਤੀ। ਇਹ ਟੀਮ ਬੱਤੀਆਂ ਵਾਲੇ ਚੌਕ ਤੋਂ ਬਾਅਦ ਸਿਟੀ ਥਾਣੇ ਅਤੇ ਡੀ. ਐੱਸ. ਪੀ. ਦਫਤਰ ਵਿਚ ਕੁਝ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਵਾਪਸ ਚਲੀ ਗਈ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ਗਠਿਤ ਕੀਤੀ ਉਕਤ ਟੀਮ ਵਿਚ ਡੀ. ਆਈ. ਜੀ. ਸੁਰਜੀਤ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਗੁਲਨੀਤ ਸਿੰਘ ਖੁਰਾਣਾ ਐੱਸ. ਐੱਸ. ਪੀ. ਮੋਗਾ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮਹਿੰਗਾਈ ਦੇ ਵਿਰੋਧ 'ਚ ਹੱਲਾ ਬੋਲ, ਹਾਥੀ 'ਤੇ ਚੜ੍ਹ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਖੁਰਾਣਾ ਅਤੇ ਰੁਪਿੰਦਰ ਕੌਰ ਭੱਟੀ ਐੱਸ. ਪੀ. ਦੀ ਅਗਵਾਈ ਵਾਲੀ ਉਕਤ ਟੀਮ ਨੇ ਕੋਟਕਪੂਰਾ ਗੋਲੀਕਾਂਡ ਵਾਲੀ ਜਗ੍ਹਾ ਮੁੱਖ ਬੱਤੀਆਂ ਵਾਲੇ ਚੌਕ ਦਾ ਜਾਇਜ਼ ਲਿਆ ਅਤੇ ਪੁਲਸ ਅਧਿਕਾਰੀਆਂ ਤੋਂ ਘਟਨਾਕ੍ਰਮ ਦੀ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ ਬੇਅਦਬੀ ਕਾਂਡ, ਬਹਿਬਲ ਗੋਲੀਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਤਿੰਨ ਵੱਖ-ਵੱਖ ਟੀਮਾਂ ਆਪੋ-ਆਪਣੇ ਤੌਰ ’ਤੇ ਜਾਂਚ-ਪੜਤਾਲ ਕਰ ਰਹੀਆਂ ਹਨ। ਬੇਅਦਬੀ ਕਾਂਡ ਨਾਲ ਸਬੰਧਤ ਤਿੰਨ ਮਾਮਲਿਆਂ ਦੀਆਂ ਜਾਂਚ ਰਿਪੋਰਟਾਂ ਆਈ. ਜੀ. ਐੱਸ. ਪੀ. ਐੱਸ. ਪਰਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਅਦਾਲਤ ਵਿਚ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਬਹਿਬਲ ਗੋਲੀਕਾਂਡ ਦੀ ਜਾਂਚ ਕੰਵਰ ਨੌਨਿਹਾਲ ਸਿੰਘ ਆਈ. ਜੀ. ਦੀ ਅਗਵਾਈ ਵਾਲੀ ਟੀਮ ਕਰ ਰਹੀ ਹੈ, ਜਦਕਿ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਐੱਲ. ਕੇ. ਯਾਦਵ ਏ. ਡੀ. ਜੀ. ਪੀ. ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਧੂਰੀ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਅੱਲ੍ਹੜ ਉਮਰ ਦੇ ਦੋ ਮੁੰਡਿਆਂ ਦੀ ਮੌਤ

ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਕੇਸ ਦੀ ਚਾਰਜਸ਼ੀਟ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ ਅਤੇ ਪਿਛਲੇ ਸਾਲ ਪੰਜਾਬ ਸਰਕਾਰ ਨੇ ਏ. ਡੀ. ਜੀ. ਪੀ ਐੱਲ. ਕੇ. ਯਾਦਵ ਦੀ ਅਗਵਾਈ ਹੇਠ ਤਿੰਨ ਮੈਂਬਰੀ ਨਵੀਂ ਐੱਸ. ਆਈ. ਟੀ. ਗਠਿਤ ਕੀਤੀ ਸੀ, ਜਿਸ ਦੇ ਇਕ ਮੈਂਬਰ ਦੇ ਸੇਵਾਮੁਕਤ ਹੋਣ ’ਤੇ ਐੱਸ. ਐੱਸ. ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਨੂੰ ਨਵਾਂ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨਵੀਂ ਐੱਸ. ਆਈ. ਟੀ. ਵਲੋਂ ਹਾਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਅਜੇ ਮੁਕੰਮਲ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ 

 


Meenakshi

News Editor

Related News