ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ''ਤੇ ਲਗਾਇਆ ਕਿਸਾਨ ਮੋਰਚਾ 23ਵੇਂ ਦਿਨ ''ਚ ਦਾਖਲ

10/23/2020 3:54:37 PM

ਬੁਢਲਾਡਾ(ਮਨਜੀਤ): ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ 30 ਕਿਸਾਨ ਜਥੇਬੰਦੀਆਂ ਵੱਲੋਂ ਯੋਜਨਾਬੱਧ ਢੰਗ ਨਾਲ ਆਰੰਭਿਆਂ ਸੰਘਰਸ਼ ਦਿਨ-ਬ-ਦਿਨ ਭੱਖ ਰਿਹਾ ਹੈ। ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕਰਕੇ ਚੱਲ ਰਿਹਾ ਧਰਨਾ 23ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਉੱਘੇ ਇਨਕਲਾਬੀ ਗਾਇਕ ਜਗਸ਼ੀਰ ਜੀਦਾ ਨੇ ਆਪਣੇ ਸਾਥੀ ਕਲਾਕਾਰਾਂ ਦੇ ਸਹਿਯੋਗ ਨਾਲ ਕਰੀਬ ਡੇਢ ਘੰਟਾ ਇੰਨਕਲਾਬੀ ਗੀਤਾਂ, ਬੋਲੀਆਂ ਨਾਲ ਰੰਗ ਬੰਨ੍ਹੀ ਰੱਖਿਆ। ਅੱਜ ਦੇ ਧਰਨੇ ਨੂੰ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਆਗੂ ਪਰਸ਼ੋਤਮ ਸਿੰਘ ਗਿੱਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕ੍ਰਿਸ਼ਨ ਸਿੰਘ ਚੌਹਾਨ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ, ਦਰਸ਼ਨ ਸਿੰਘ ਗੁਰਨੇ ਕਲਾਂ ਨੇ ਸੰਬੋਧਨ ਕੀਤਾ।   
ਕਿਸਾਨ ਆਗੂਆਂ ਨੇ ਕਿ ਕੇਂਦਰ ਦੀ ਮੋਦੀ ਸਰਕਾਰ ਮੁੱਠੀ ਭਰ ਪੂੰਜੀਪਤੀ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ ਅਤੇ ਦੇਸ਼ ਦੇ ਲੋਕਾਂ ਦੀ ਲੁੱਟ-ਖਸੁੱਟ ਦਾ ਰਾਹ ਪੱਧਰਾ ਕਰ ਰਹੀ ਹੈ। ਸਰਕਾਰ ਦੇ ਇਨ੍ਹਾਂ ਲੋਕ ਵਿਰੋਧੀ ਮਨਸੂਬਿਆਂ ਦਾ ਟਾਕਰਾ ਦੇਣ ਲਈ ਮੌਜੂਦਾ ਕਿਸਾਨ ਸੰਘਰਸ਼ ਅਹਿਮ ਰੋਲ ਅਦਾ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ 4 ਨਵੰਬਰ ਨੂੰ ਹੋ ਰਹੀ ਸੂਬਾ ਪੱਧਰੀ ਮੀਟਿੰਗ 'ਚ ਵੱਡੇ ਫੈਸਲੇ ਲੈ ਕੇ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਜਾਵੇਗੀ। ਅੱਜ ਦੇ ਧਰਨੇ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਰਾਮਫਲ ਸਿੰਘ ਚੱਕ ਅਲੀਸ਼ੇਰ, ਜਸਕਰਨ ਸਿੰਘ ਸ਼ੇਰਖਾਂ ਵਾਲਾ, ਤੇਜ਼ ਰਾਮ ਅਹਿਮਦਪੁਰ, ਸੁਖਦੇਵ ਸਿੰਘ ਬੋੜਾਵਾਲ, ਮੇਜਰ ਸਿੰਘ ਰੱਲੀ , ਹਰਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਗਿੱਲ, ਸੁਖਦੇਵ ਸਿੰਘ ਗੰਢੂ ਕਲਾਂ, ਜਸਵੀਰ ਸਿੰਘ ਸੋਨੀ ਆਦਿ ਨੇ ਵੀ ਸੰਬੋਧਨ ਕੀਤਾ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਗਿਆਨ ਚੰਦ ਮਦਾਨ ਦੀ ਟੀਮ ਵੱਲੋਂ ਮੁੱਢਲੀ ਸਹਾਇਤਾ ਕੈਂਪ ਰੋਜ਼ਾਨਾ ਵਾਂਗ ਲੱਗਿਆ ਹੋਇਆ ਸੀ।


Aarti dhillon

Content Editor

Related News