ਗਹਿਣੇ ਨਾ ਦੇਣ ''ਤੇ ਵਿਆਹੁਤਾ ਦੀ ਕੀਤੀ ਹੱਤਿਆ

09/08/2019 8:14:44 PM

ਮੋਗਾ, (ਆਜ਼ਾਦ)— ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬਾਘਾਪੁਰਾਣਾ ਨਿਵਾਸੀ ਮਨਜੀਤ (31) ਦੀ 24 ਅਗਸਤ ਨੂੰ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਸੀ ਤੇ ਮ੍ਰਿਤਕਾ ਦੇ ਪਿਤਾ ਹਰੀਕ੍ਰਿਸ਼ਨ ਨਿਵਾਸੀ ਲੋਹੀਆਂ ਖਾਸ (ਜਲੰਧਰ) ਦੇ ਬਿਆਨਾਂ 'ਤੇ ਬਾਘਾਪੁਰਾਣਾ ਪੁਲਸ ਵੱਲੋਂ ਅ/ਧ 174 ਦੀ ਕਾਰਵਾਈ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਹਰੀਕ੍ਰਿਸ਼ਨ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬੇਟੀ ਮਨਜੀਤ ਦਾ ਵਿਆਹ ਕਰੀਬ 13-14 ਸਾਲ ਪਹਿਲਾਂ ਸੋਹਣ ਲਾਲ ਉਰਫ ਬੰਟੀ ਨਿਵਾਸੀ ਬਾਘਾਪੁਰਾਣਾ ਨਾਲ ਹੋਇਆ ਸੀ। ਬੀਤੀ 24 ਅਗਸਤ ਨੂੰ ਉਸ ਦੇ ਜਵਾਈ ਨੇ ਉਨ੍ਹਾਂ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਮਨਜੀਤ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ ਪਰਿਵਾਰਕ ਮੈਂਬਰਾਂ ਸਣੇ ਮੌਕੇ 'ਤੇ ਪੁੱਜੇ ਪਰ ਉਨ੍ਹਾਂ ਨੂੰ ਬੇਟੀ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਚੰਗੀ ਤਰ੍ਹਾਂ ਵੇਖਣ ਵੀ ਨਹੀਂ ਦਿੱਤਾ ਅਤੇ ਇਸ ਸਬੰਧੀ ਉਸ ਸਮੇਂ ਉਨ੍ਹਾਂ ਨੇ ਅ/ਧ 174 ਦੀ ਕਾਰਵਾਈ ਕਰਵਾਈ ਸੀ। ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਬੇਟੀ ਮਨਜੀਤ ਦੀ ਹੱਤਿਆ ਉਸ ਦੇ ਪਤੀ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਦੇ ਕੇ ਕੀਤੀ ਗਈ ਹੈ ਕਿਉਂਕਿ ਉਸ ਦੇ ਜੇਠ ਰਣਜੀਤ ਸਿੰਘ ਦੀ ਬੇਟੀ ਦਾ ਵਿਆਹ ਨਵੰਬਰ 'ਚ ਹੋਣਾ ਹੈ, ਜਿਸ ਲਈ ਉਹ ਉਸ ਕੋਲੋਂ ਗਹਿਣਿਆਂ ਦੀ ਮੰਗ ਕਰ ਰਹੇ ਸਨ ਪਰ ਉਸ ਦੀ ਬੇਟੀ ਗਹਿਣੇ ਦੇਣ ਤੋਂ ਇਨਕਾਰ ਕਰ ਰਹੀ ਸੀ। ਇਸ ਕਾਰਨ ਉਸ ਨਾਲ ਕੁੱਟ-ਮਾਰ ਕੀਤੀ ਜਾਣ ਲੱਗੀ ਤੇ ਉਸ ਨੂੰ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ ਤੇ ਆਖਿਰ ਇਨ੍ਹਾਂ ਨੇ ਰਲ ਕੇ ਉਸ ਦੀ ਬੇਟੀ ਦੀ ਹੱਤਿਆ ਕਰ ਦਿੱਤੀ।
ਇਸ ਸਬੰਧੀ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਰੀਕ੍ਰਿਸ਼ਨ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਸੋਹਣ ਲਾਲ ਬੰਟੀ, ਨਣਦ ਗੱਗੋ, ਜੇਠ ਰਣਜੀਤ ਸਿੰਘ ਦੀਪਾ ਅਤੇ ਜਠਾਣੀਆਂ ਗੀਤਾ ਅਤੇ ਸੁਨੀਤਾ ਸਾਰੇ ਨਿਵਾਸੀ ਬਾਘਾਪੁਰਾਣਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।


KamalJeet Singh

Content Editor

Related News