ਪੱਤਰਕਾਰੀ ਦੀ ਆੜ ’ਚ ਝੂਠੇ ਸੈਕਸ ਕੇਸਾਂ ’ਚ ਫਸਾਉਣ ਵਾਲੇ 3 ਗ੍ਰਿਫਤਾਰ

02/29/2020 3:47:45 PM

ਜਲਾਲਾਬਾਦ (ਨਿਖੰਜ,ਜਤਿੰਦਰ,ਸੇਤੀਆ, ਸੁਮਿਤ, ਟੀਨੂੰ ): ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਲੋਕਾਂ ਨੂੰ ਪੱਤਰਕਾਰਤਾ ਦੀ ਆਡ਼ ’ਚ ਸੈਕਸ ਦੇ ਝੂਠੇ ਕੇਸਾਂ ’ਚ ਫਸਾ ਕੇ ਫਿਰ ਰਾਜ਼ੀਨਾਮੇ ਦੇ ਨਾਂ ’ਤੇ ਲੱਖ ਰੁਪਏ ਠੱਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ 7 ਖਿਲਾਫ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ’ਚ 3 ਔਰਤਾਂ ਵੀ ਸ਼ਾਮਲ ਹਨ। ਨਾਮਜ਼ਦਾਂ ’ਚ ਹਰਪ੍ਰੀਤ ਸਿੰਘ ਪੱੁਤਰ ਪ੍ਰੇਮ ਸਿੰਘ, ਗੁਲਸ਼ਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਪੰਕਜ ਸੋਨੀ ਪੁੱਤਰ ਸੁਖਦੇਵ ਰਾਜ ਵਾਸੀਆਨ ਜਲਾਲਾਬਾਦ, ਹਰਜਿੰਦਰ ਸਿੰਘ, ਮਨਜੀਤ ਸਿੰਘ ਰਾਣੀ, ਕੌਡ਼ੋ ਬਾਈ ਅਤੇ ਰਾਜੋ ਬਾਈ ਸ਼ਾਮਲ ਹਨ, ਜਿਨ੍ਹਾਂ ’ਚੋਂ ਇਕ ਮੌਜੂਦਾ ਪੱਤਰਕਾਰ ਹੈ ਅਤੇ ਦੂਜਾ ਸਾਬਕਾ। ਸਮੁੱਚੇ ਗਿਰੋਹ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪੂਰੇ ਮਾਮਲੇ ’ਚ ਕਿਸੇ ਪੁਲਸ ਕਰਮਚਾਰੀ ਦਾ ਨਾਂ ਵੀ ਆ ਰਿਹਾ ਹੈ ਅਤੇ ਦੂਜੇ ਪਾਸੇ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਰਿਮਾਂਡ ਤੋਂ ਬਾਅਦ ਹੋਰ ਵੀ ਲੋਕਾਂ ਦੇ ਨਾਂ ਸਾਹਮਣੇ ਆਉਣ ਦੀ ਉਮੀਦ ਹੈ।

ਸ਼ਨੀਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਸਪਾਲ ਸਿੰਘ ਨੇ ਦੱਸਿਆ ਕਿ ਇਹ ਲੋਕ ਕੁਝ ਔਰਤਾਂ ਨੂੰ ਨਾਲ ਲੈ ਕੇ ਭੋਲ-ਭਾਲੇ ਲੋਕਾਂ ਨੂੰ ਸੈਕਸ ਦੇ ਜਾਲ ’ਚ ਫਸਾ ਕੇ ਝੂਠੇ ਕੇਸਾਂ ’ਚੋਂ ਕੱਢਣ ਲਈ ਲੱਖਾਂ ਰੁਪਏ ਦੀ ਮੰਗ ਕਰਦੇ ਸਨ। ਇਸ ਤਹਿਤ ਥਾਣਾ ਸਿਟੀ ਇੰਚਾਰਜ ਲੇਖ ਰਾਜ ਨੂੰ ਪ੍ਰਦੀਪ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਧਰਮ ਨਗਰੀ ਅਬੋਹਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਸੱਸ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਸਹੁਰਾ ਅਬੋਹਰ ’ਚ ਆ ਕੇ ਰਹਿਣ ਲੱਗਾ। ਇਸ ਦੌਰਾਨ ਰਾਜੋ ਬਾਈ ਨਾਮਕ ਲਡ਼ਕੀ ਨੂੰ ਘਰ ’ਚ ਕੰਮ ’ਤੇ ਰੱਖ ਲਿਆ ਸੀ ਪਰ ਉਕਤ ਲੋਕਾਂ ਨੇ ਰਲ ਕੇ ਰਾਜੋ ਬਾਈ ਨੂੰ ਫਿਰੋਜ਼ਪੁਰ ਹਸਪਤਾਲ ’ਚ ਦਾਖਲ ਕਰਵਾ ਕੇ ਮੈਡੀਕਲ ਕਰਵਾਇਆ ਅਤੇ ਬਾਅਦ ’ਚ ਝੂਠੇ ਰੇਪ ਕੇਸ ’ਚੋਂ ਕੱਢਣ ਦੀ ਆਡ਼ ’ਚ 1.5 ਲੱਖ ਰੁਪਏ ਦੀ ਮੰਗ ਕੀਤੀ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਪ੍ਰਦੀਪ ਕੁਮਾਰ ਨੂੰ ਨਾਲ ਲੈ ਕੇ ਤਹਿਸੀਲ ’ਚ ਸਬੰਧਤ ਜਗ੍ਹਾ ’ਤੇ ਰੇਡ ਕੀਤੀ ਅਤੇ ਮੌਕੇ ’ਤੇ ਹਰਪ੍ਰੀਤ ਸਿੰਘ, ਗੁਲਸ਼ਨ ਕੁਮਾਰ ਅਤੇ ਪੰਕਜ ਸੋਨੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਅਤੇ ਰਾਜ਼ੀਨਾਮੇ ਦਾ ਬਿਆਨ ਹਲਫਿਆ ਬਰਾਮਦ ਕੀਤਾ।


Shyna

Content Editor

Related News