ਜੰਮੂ-ਕਸ਼ਮੀਰ ਤੋਂ ਆਏ ਫੌਜੀ ਭਰਾਵਾਂ ਤੋਂ ਲੁਟੇਰਿਆਂ ਨੇ ਦਾਤਰ ਮਾਰ ਲੁੱਟੇ 19 ਹਜ਼ਾਰ ਰੁਪਏ ਅਤੇ ਕਾਰ

06/24/2022 2:09:27 PM

ਲੁਧਿਆਣਾ (ਰਾਜ)- ਜੰਮੂ-ਕਸ਼ਮੀਰ ਤੋਂ ਬੀਮਾਰ ਪਿਤਾ ਦਾ ਇਲਾਜ ਕਰਵਾਉਣ ਦਿੱਲੀ ਜਾ ਰਹੇ ਫੌਜੀ ਭਰਾਵਾਂ ਨੂੰ ਬਾਈਕ ਸਵਾਰ 4 ਨੌਜਵਾਨਾਂ ਵਲੋਂ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹਜ਼ਾਰਾਂ ਰੁਪਏ ਲੁੱਟਣ ਤੋਂ ਬਾਅਦ ਲੁਟੇਰੇ ਭਰਾਵਾਂ ਦੀ ਕਾਰ ਲੈ ਕੇ ਫ਼ਰਾਰ ਹੋ ਗਏ। ਕਾਰ ’ਚ ਫੌਜੀ ਭਰਾਵਾਂ ਦੇ ਬੀਮਾਰ ਪਿਤਾ ਵੀ ਪਿਛਲੀ ਸੀਟ ’ਤੇ ਲੇਟੇ ਹੋਏ ਸਨ। ਦੋਵੇਂ ਭਰਾ ਕਾਰ ਦੇ ਪਿੱਛੇ ਭੱਜੇ। ਅੱਗੇ ਸਮਰਾਲਾ ਚੌਕ ’ਤੇ ਖੜ੍ਹੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਪੀ. ਸੀ. ਆਰ. ਕਾਰ ’ਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰ ਸਥਿਤ ਸ਼ੇਰਪੁਰ ਚੌਕ ਕੋਲ ਲੁਟੇਰੇ ਕਾਰ ਛੱਡ ਕੇ ਫਰਾਰ ਹੋ ਗਏ।

ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜ ਗਈ, ਜਿਸ ਤੋਂ ਬਾਅਦ ਪੁਲਸ ਨੇ ਜੇ. ਐਂਡ ਕੇ. ਦੇ ਕੁਲਗਾਓਂ ਜ਼ਿਲਾ ਦੇ ਪਿੰਡ ਬਾਰੇਯਲ ਦੇ ਸਾਹਿਦ ਅਲੀ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸਾਹਿਦ ਅਲੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਅਬਦੁਲ ਰਹਿਮਾਨ ਮਲਿਕ ਭਾਰਤੀ ਫੌਜ ’ਚ ਨੌਕਰੀ ਕਰਦੇ ਹਨ ਅਤੇ ਜੰਮੂ-ਕਸ਼ਮੀਰ ’ਚ ਹੀ ਤਾਇਨਾਤ ਹਨ। ਉਸ ਦੇ ਪਿਤਾ ਅਲੀ ਅਹਿਮਦ ਗੰਭੀਰ ਬੀਮਾਰੀ ਤੋਂ ਪ੍ਰੇਸ਼ਾਨ ਹਨ ਅਤੇ ਉਹ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਦਿੱਲੀ ਆਰਮੀ ਹਸਪਤਾਲ ਜਾ ਰਹੇ ਸਨ।

ਸਾਹਿਦ ਦਾ ਕਹਿਣਾ ਹੈ ਕਿ ਉਹ ਕਾਰ ਚਲਾ ਰਿਹਾ ਸੀ, ਜਦੋਂਕਿ ਉਸ ਦਾ ਭਰਾ ਡਰਾਈਵਰ ਸੀਟ ਨਾਲ ਵਾਲੀ ਸੀਟ ’ਤੇ ਬੈਠਾ ਸੀ। ਉਨ੍ਹਾਂ ਦੇ ਪਿਤਾ ਪਿੱਛੇ ਸੀਟ ’ਤੇ ਲੇਟੇ ਹੋਏ ਸਨ। ਜਦੋਂ ਉਹ ਬਸਤੀ ਜੋਧੇਵਾਲ ਚੌਕ ਤੋਂ ਸਮਰਾਲਾ ਚੌਕ ਵੱਲ ਜਾ ਰਹੇ ਸਨ ਤਾਂ ਟਿੱਬਾ ਰੋਡ ਕੋਲ ਚਾਹ ਪੀਣ ਲਈ ਇਕ ਰੇਹੜੀ ਕੋਲ ਉਨ੍ਹਾਂ ਨੇ ਗੱਡੀ ਰੋਕ ਲਈ। ਸਾਹਿਦ ਮੁਤਾਬਕ ਉਹ ਰੇਹੜੀ ਕੋਲ ਗਿਆ ਅਤੇ ਨਾਲ ਹੀ ਉਸ ਦਾ ਭਰਾ ਵੀ ਉਸ ਕੋਲ ਆ ਗਿਆ। ਇਸ ਦੌਰਾਨ ਦੋ ਬਾਈਕ ’ਤੇ 4 ਨੌਜਵਾਨ ਆਏ, ਜਿਨ੍ਹਾਂ ਨੇ ਕੱਪੜੇ ਨਾਲ ਮੂੰਹ ਢਕੇ ਹੋਏ ਸਨ। ਉਨ੍ਹਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ। 

ਮੁਲਜ਼ਮਾਂ ਨੇ ਆਉਂਦੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਉਸ ਤੋਂ 7000 ਅਤੇ ਉਸ ਦੇ ਭਰਾ ਤੋਂ 12000 ਰੁਪਏ ਲੁੱਟ ਲਏ ਅਤੇ ਉਸ ਦੇ ਪਿਤਾ ਨੂੰ ਅਗਵਾ ਕਰ ਕੇ ਕਾਰ ਲੁੱਟ ਕੇ ਲੈ ਗਏ।ਉਹ ਦੋਵੇਂ ਭਰਾ ਪੈਦਲ ਕਾਰ ਦਾ ਪਿੱਛਾ ਕਰਦੇ ਹੋਏ ਭੱਜੇ ਅਤੇ ਸਮਰਾਲਾ ਚੌਕ ਤੱਕ ਪੁੱਜ ਗਏ ਸਨ, ਜਿੱਥੇ ਪੁਲਸ ਮੁਲਾਜਮ ਖੜ੍ਹੇ ਹੋਏ ਸਨ। ਉਨ੍ਹਾਂ ਨੇ ਪੁਲਸ ਨੂੰ ਸਾਰੀ ਘਟਨਾ ਦੱਸੀ ਅਤੇ ਪੁਲਸ ਦੀ ਗੱਡੀ ’ਚ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਸ਼ੇਰਪੁਰ ਚੌਕ ਵਿਖੇ ਪੁੱਜੇ ਤਾਂ ਸਰਵਿਸ ਲੇਨ ’ਤੇ ਉਨ੍ਹਾਂ ਦੀ ਗੱਡੀ ਖੜ੍ਹੀ ਹੋਈ ਸੀ। ਲੁਟੇਰੇ ਉਥੇ ਛੱਡ ਕੇ ਕਾਰ ਦੇ ਅੰਦਰ ਪਿਆ ਕੈਸ਼ ਬੈਗ ਚੁੱਕ ਕੇ ਫਰਾਰ ਹੋ ਗਏ। ਇਸ ਦੌਰਾਨ ਉਸ ਦੇ ਪਿਤਾ ਦੀ ਸਿਹਤ ਹੋਰ ਖਰਾਬ ਹੋ ਗਈ।

ਪੁਲਸ ਦੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਲਿਖਵਾਏ ਅਤੇ ਪਿਤਾ ਨੂੰ ਲੈ ਕੇ ਦਿੱਲੀ ਆਰਮੀ ਹਸਪਤਾਲ ਲਈ ਨਿਕਲ ਗਏ। ਉਧਰ, ਐੱਸ. ਐੱਚ. ਓ. ਰਣਬੀਰ ਸਿੰਘ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਲਿਆ ਗਿਆ ਹੈ। ਵਾਰਦਾਤ ਵਾਲੀ ਥਾਂ ਤੋਂ ਜਿੱਥੇ ਕਾਰ ਬਰਾਮਦ ਹੋਈ, ਉਸ ਰਸਤੇ ਦੀ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।


rajwinder kaur

Content Editor

Related News